ਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ।
ਹੇ ਠਾਕੁਰ! ਦਾਸ ਨਾਨਕ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ ॥੨॥੯॥੪੦॥
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।
ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।
(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।
ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥
ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।
ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,
ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥
ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।
ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥
ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।
ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥
ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,
ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ਰਹਾਉ॥
ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।
ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥
ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ।
ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ॥੧॥
ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ।
(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ। ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ਰਹਾਉ॥
ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ,
ਹੇ ਨਾਨਕ! (ਆਖ-) ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ॥੨॥੧੩॥੪੪॥
ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ।
ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ॥੧॥
ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ।
(ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ਰਹਾਉ॥
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ।
ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ॥੨॥੧੪॥੪੫॥