ਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ।
ਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ ॥੧॥
ਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ।
ਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ ॥੧॥ ਰਹਾਉ ॥
ਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ।
ਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ ॥੨॥
(ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)। ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ।
ਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ ॥੩॥
ਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ।
ਹੇ ਨਾਨਕ! (ਇਹ ਨਾਮ ਦੀ ਦਾਤ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੪॥੫॥
ਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ ॥੧॥
ਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ।
ਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥
ਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ।
(ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ ॥੨॥
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ।
ਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੩॥
ਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ ॥੪॥੬॥੧੮॥
ਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ)।
(ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ ॥੧॥
ਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ।
(ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
ਹੇ ਭਾਈ! (ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ।
ਹੇ ਭਾਈ! (ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀਂ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ ॥੨॥
ਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ।
ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ ॥੩॥