(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ,
ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।
ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ,
ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ),
ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।
ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ,
ਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ 'ਥਿਤੀ' (ਚੰਦ੍ਰਮਾ ਦੇ ਚੜ੍ਹਾ-ਉਤਰਾ ਨਾਲ ਸਭੰਧਤ ਦਿਨਾ ਬਾਰੇ) ਬਾਣੀ।
(ਭਰਮੀ ਲੋਕ ਤਾਂ ਵਰਤ ਆਦਿਕ ਰੱਖ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਮਨਾਉਂਦੇ ਹਨ),
ਪਰ ਕਬੀਰ (ਇਹਨਾਂ ਥਿੱਤਾਂ ਵਾਰਾਂ ਦੀ ਰਾਹੀਂ ਹਰ ਰੋਜ਼) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜੋ ਬੇਅੰਤ ਹੈ।
ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ (ਭਾਵ, ਡੂੰਘੀ ਸਾਂਝ ਉਸ ਨਾਲ ਬਣਾ ਲੈਂਦਾ ਹੈ)
ਉਸ ਨੂੰ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ॥੧॥
ਮੱਸਿਆ ਵਾਲੇ ਦਿਨ (ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ,
ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਹਿਰਦੇ ਵਿਚ ਵਸਾਓ।
(ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿਚ (ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ) ਖ਼ਲਾਸੀ ਹਾਸਲ ਕਰ ਲਵੋਗੇ।
(ਇਸ ਸਿਮਰਨ ਦੀ ਬਰਕਤ ਨਾਲ) ਤੁਹਾਡਾ ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ, ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ ॥੧॥
ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ,
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਉਸ ਪ੍ਰੀਤਮ (ਦੇ ਗੁਣਾਂ) ਦਾ ਵਿਚਾਰ ਕਰੋ (ਉਸ ਪ੍ਰੀਤਮ ਦੀ ਸਿਫ਼ਤਿ-ਸਾਲਾਹ ਕਰੋ,
ਜੋ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਬੇਅੰਤ ਹੈ ਅਤੇ (ਫਿਰ ਭੀ) ਹਰੇਕ ਸਰੀਰ ਵਿਚ ਖੇਡ ਰਿਹਾ ਹੈ
ਜੋ ਮਨੁੱਖ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ) ਉਸ ਨੂੰ ਕਦੇ ਮੌਤ ਦਾ ਡਰ ਨਹੀਂ ਪੁਂਹਦਾ,
(ਕਿਉਂਕਿ) ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ॥੨॥
(ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ,
ਉਹ ਇਸ ਸੰਸਾਰ ਦੇ) ਦੋ ਅੰਗ ਸਮਝਦਾ ਹੈ-ਮਾਇਆ ਅਤੇ ਬ੍ਰਹਮ।
ਬ੍ਰਹਮ (ਇਸ ਮਾਇਆ ਦੇ ਵਿਚ) ਹਰੇਕ ਦੇ ਨਾਲ ਵੱਸ ਰਿਹਾ ਹੈ, ਉਹ ਕਦੇ ਵਧਦਾ ਘਟਦਾ ਨਹੀਂ ਹੈ, ਸਦਾ ਇਕੋ ਜਿਹਾ ਰਹਿੰਦਾ ਹੈ।
ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਉਹ ਨਿਰੰਜਨ ਹੈ (ਭਾਵ, ਇਹ ਮਾਇਆ ਉਸ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ॥੩॥
(ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਸਾਵੇਂ ਰੱਖਦਾ ਹੈ (ਭਾਵ, ਉਹ ਇਹਨਾਂ ਗੁਣਾਂ ਵਿਚ ਕਦੇ ਨਹੀਂ ਡੋਲਦਾ),
ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ।
ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ,
ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਦਾ ਹੀ ਪ੍ਰਕਾਸ਼ ਹੈ ॥੪॥
ਚੌਥੀ ਥਿੱਤ ਨੂੰ (ਕਿਸੇ ਕਰਮ-ਧਰਮ ਦੇ ਥਾਂ) ਇਸ ਚੰਚਲ ਮਨ ਨੂੰ ਪਕੜ ਕੇ ਰੱਖੋ,
ਕਦੇ ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ।
ਜੋ ਪਰਮਾਤਮਾ ਜਲ ਵਿਚ, ਧਰਤੀ ਉੱਤੇ (ਹਰ ਥਾਂ) ਆਪ ਹੀ ਆਪ ਵਿਆਪਕ ਹੈ,
ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ॥੫॥
ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ,
(ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ।
ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮ੍ਰਿਤ ਦਾ ਘੁਟ ਪੀਂਦਾ ਹੈ,
(ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ॥੬॥
ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ-ਇਹ ਸਾਰਾ ਸਾਥ ਸੰਸਾਰ (ਦੇ ਪਦਾਰਥਾਂ ਦੀ ਲਾਲਸਾ) ਵਿਚ ਭਟਕਦਾ ਫਿਰਦਾ ਹੈ।
ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ (ਇਸ ਭਟਕਣਾ ਵਿਚੋਂ ਹਟ ਕੇ) ਟਿਕਦਾ ਨਹੀਂ।
ਹੇ ਭਾਈ! ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ।
ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ (ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ) ॥੭॥
ਹੇ ਭਾਈ! ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ,
(ਇਸ ਬਾਣੀ ਦੀ ਰਾਹੀਂ) ਪਰਮਾਤਮਾ (ਦੇ ਨਾਮ) ਨੂੰ (ਆਪਣੇ ਹਿਰਦੇ ਵਿਚ) ਪ੍ਰੋ ਲਵੋ;
(ਇਸ ਤਰ੍ਹਾਂ) ਸਹਿਮ ਦੂਰ ਹੋ ਜਾਇਗਾ, ਦੁਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ,
ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਾਣੋ ॥੮॥
ਇਹ ਸਰੀਰ (ਲਹੂ ਆਦਿਕ) ਅੱਠ ਧਾਤਾਂ ਦਾ ਬਣਿਆ ਹੋਇਆ ਹੈ,
ਇਸ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ।
ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ (ਕਿ ਸਰੀਰ ਦੇ ਵਿੱਚ ਹੀ ਹੈ ਪ੍ਰਭੂ) ਦੱਸਦਾ ਹੈ,
ਉਹ ਸਰੀਰਕ ਮੋਹ ਵਲੋਂ ਪਰਤ ਕੇ ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੯॥
(ਹੇ ਭਾਈ!) ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ,
ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ,
ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ।