ਰਾਗ ਤਿਲੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਕਰਤਾਰ! ਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸੁਣ।
ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੍ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ ॥੧॥
ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ।
ਹੇ ਦਿਲ! ਤੂੰ ਕੁਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ॥੧॥ ਰਹਾਉ ॥
ਇਸਤ੍ਰੀ, ਪੁੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ,
(ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ), ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੍ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ ॥੨॥
(ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾ।
ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ ॥੩॥
(ਹੇ ਕਰਤਾਰ!) ਮੇਰੇ ਵਰਗਾ (ਦੁਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ,
(ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ॥੪॥੧॥
ਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ।
(ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ।
ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ।
(ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ ॥੧॥
(ਹੇ ਪ੍ਰਭੂ!) ਮੈਂ ਤੇਰੇ ਦੀਦਾਰ ਦੀ ਸਦਾਅ ਕਰਦਾ ਹਾਂ,
ਮੈਂ ਤੇਰੇ ਦਰ ਤੇ ਮੰਗਤਾ ਹਾਂ, ਮੈਨੂੰ (ਆਪਣੇ ਦੀਦਾਰ ਦਾ) ਖ਼ੈਰ ਪਾ ॥੧॥ ਰਹਾਉ ॥
ਕੇਸਰ, ਫੁੱਲ, ਕਸਤੂਰੀ ਤੇ ਸੋਨਾ (ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ, ਇਹ) ਸਭਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ।
ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ, ਅਜੇਹਾ ਹੀ ਸੁਭਾਉ (ਤੇਰੇ) ਭਗਤਾਂ ਦਾ ਹੈ ॥੨॥
ਰੇਸ਼ਮ ਤੇ ਘਿਉ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ (ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁਕਾ ਹੈ)।
(ਹੇ ਪ੍ਰਭੂ! ਤੇਰਾ) ਭਗਤ ਭੀ ਅਜੇਹਾ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਹੀ ਜਾਤਿ ਵਿਚ (ਜੰਮਿਆ) ਹੋਵੇ।
ਜੋ ਬੰਦੇ ਤੇਰੇ ਨਾਮ ਵਿਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ,
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਉਹਨਾਂ ਦੇ ਦਰ ਤੇ (ਰੱਖ ਕੇ ਮੈਨੂੰ ਆਪਣੇ ਦਰਸਨ ਦਾ) ਖ਼ੈਰ ਪਾ ॥੩॥੧॥੨॥
ਰਾਗ ਤਿਲੰਗ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ,