ਹੇ ਭਾਈ! (ਹਰਿ-ਨਾਮ-ਸਰਮਾਏ ਦਾ ਮਾਲਕ) ਸ਼ਾਹ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਦਾ ਵਣਜ ਕਰਨ ਵਾਲੇ ਭੀ ਅਟੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਪਰ ਉਸ ਸ਼ਾਹ ਦੇ ਦਰਬਾਰ ਵਿਚ ਕੂੜੀ ਦੁਨੀਆ ਦੇ ਵਣਜਾਰੇ ਨਹੀਂ ਟਿਕ ਸਕਦੇ।
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ, ਤੇ, ਉਹ ਸਦਾ ਦੁੱਖ ਵਿਚ ਹੀ ਖ਼ੁਆਰ ਹੁੰਦੇ ਰਹਿੰਦੇ ਹਨ ॥੧੮॥
ਹੇ ਭਾਈ! ਹਉਮੈ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਰਹਿੰਦਾ ਹੈ,
ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ ॥੧੯॥
ਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ।
ਹੇ ਭਾਈ! ਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ ॥੨੦॥
ਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੂ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਉਹ ਮਨੁੱਖ ਹਉਮੈ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦੇਂਦਾ ਹੈ ॥੨੧॥
ਹੇ ਭਾਈ! (ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ,
ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਦੇ ਅੱਗੇ ਰੱਖ ਦਿਆਂ ॥੨੨॥
ਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤ ਜੋੜੀ ਰੱਖ।
ਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੨੩॥
ਹੇ ਭਾਈ! (ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸਰਨ ਵਿਚ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ ॥੨੪॥
ਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।
(ਗੁਣਾਂ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਂਦੇ ਹਨ ॥੨੫॥
ਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ।
ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਵਿਹਾਝਦੇ ਹਨ ਅਤੇ ਹਰਿ-ਨਾਮ (ਦਾ) ਲਾਭ ਖੱਟਦੇ ਹਨ ॥੨੬॥
ਹੇ ਭਾਈ! (ਕਈ ਕਿਸਮ ਦੇ) ਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨ) ਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇ) ਨਾਲ ਨਹੀਂ ਜਾਂਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ) ॥੨੭॥
ਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾ) ਖ਼ਰਚ ਹੈ। ਇਸ ਸਫ਼ਰ-ਖ਼ਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖੋ।
ਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ ॥੨੮॥
ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ।
ਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੨੯॥
ਹੇ ਭਾਈ! ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩੦॥
ਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ।
ਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ ॥੩੧॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂ) ਚਿਰ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ।
ਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ-ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੂੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ॥੩੨॥
ਹੇ ਭਾਈ! (ਗੁਰੂ ਦੀ ਸਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ।
ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ ॥੩੩॥
ਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ।
ਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩੪॥੧॥੩॥
ਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ?
ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੧॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ।