ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,
ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,
ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥
(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,
ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,
ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,
ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)
ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,
ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;
ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,
ਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,
ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,
ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥
(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,
ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।
ਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
ਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,
ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥
ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ ॥
ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,
(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥
ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,
ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥
ਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,
(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ॥੪॥੧॥
(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,
ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥
ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,
ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥
(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,
ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥
ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-
ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥
(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ
ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥
ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,
ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;
(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥
ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-
ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥
ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।
ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥
(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,