ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,
ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;
ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ,
ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥
(ਸੋ)ਕਬੀਰ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।
ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ,
ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ,
ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ,
ਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥
ਕਬੀਰ ਆਖਦਾ ਹੈ- (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ,
(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥
(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)
ਕਬੀਰ ਆਖਦਾ ਹੈ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ;
ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ?
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥
(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ,
(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥
(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?)
ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥
(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ,
ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥
(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ);
ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ॥੧॥
ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ?
ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ॥੧॥ ਰਹਾਉ ॥
ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ,
ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ॥੨॥
ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ),
ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ॥੩॥
ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ,
ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ॥੪॥
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ,
ਉਸ ਵਿਚ ਉਹ 'ਨਾਮ' ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ॥੫॥
ਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ।
ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥
(ਜਦ ਤੋਂ ਮੇਰੀ ਪ੍ਰਭੂ ਨਾਲ ਸਾਂਝ ਪੈ ਗਈ ਹੈ) ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ),
ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ।
ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ);
ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ॥੧॥
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ;
ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ॥੧॥ ਰਹਾਉ ॥