ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1195


ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥

ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥

ਸਾਤ ਸੂਤ ਮਿਲਿ ਬਨਜੁ ਕੀਨ ॥

(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,

ਕਰਮ ਭਾਵਨੀ ਸੰਗ ਲੀਨ ॥

ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।

ਤੀਨਿ ਜਗਾਤੀ ਕਰਤ ਰਾਰਿ ॥

ਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,

ਚਲੋ ਬਨਜਾਰਾ ਹਾਥ ਝਾਰਿ ॥੨॥

(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥

ਪੂੰਜੀ ਹਿਰਾਨੀ ਬਨਜੁ ਟੂਟ ॥

ਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,

ਦਹ ਦਿਸ ਟਾਂਡੋ ਗਇਓ ਫੂਟਿ ॥

ਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।

ਕਹਿ ਕਬੀਰ ਮਨ ਸਰਸੀ ਕਾਜ ॥

ਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,

ਸਹਜ ਸਮਾਨੋ ਤ ਭਰਮ ਭਾਜ ॥੩॥੬॥

ਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥

ਬਸੰਤੁ ਹਿੰਡੋਲੁ ਘਰੁ ੨ ॥

ਰਾਗ ਬਸੰਤ/ਹਿੰਡੋਲ, ਘਰ ੨ ਵਿੱਚ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥

ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ;

ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥

(ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ॥੧॥

ਕਹੁ ਪੰਡਿਤ ਸੂਚਾ ਕਵਨੁ ਠਾਉ ॥

ਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ,

ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥

ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ)? ॥੧॥ ਰਹਾਉ ॥

ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥

(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ,

ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥

(ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ॥੨॥

ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥

ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ,

ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥

ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ ॥੩॥

ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥

ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ;

ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥

ਕਬੀਰ ਆਖਦਾ ਹੈ ਕਿ ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ ॥੪॥੧॥੭॥

ਰਾਮਾਨੰਦ ਜੀ ਘਰੁ ੧ ॥

(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਤ ਜਾਈਐ ਰੇ ਘਰ ਲਾਗੋ ਰੰਗੁ ॥

ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ;

ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥

ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥

ਏਕ ਦਿਵਸ ਮਨ ਭਈ ਉਮੰਗ ॥

ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ,

ਘਸਿ ਚੰਦਨ ਚੋਆ ਬਹੁ ਸੁਗੰਧ ॥

ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ,

ਪੂਜਨ ਚਾਲੀ ਬ੍ਰਹਮ ਠਾਇ ॥

ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ।

ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥

ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥

ਜਹਾ ਜਾਈਐ ਤਹ ਜਲ ਪਖਾਨ ॥

(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ।

ਤੂ ਪੂਰਿ ਰਹਿਓ ਹੈ ਸਭ ਸਮਾਨ ॥

ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ।

ਬੇਦ ਪੁਰਾਨ ਸਭ ਦੇਖੇ ਜੋਇ ॥

ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।

ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥

ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥

ਸਤਿਗੁਰ ਮੈ ਬਲਿਹਾਰੀ ਤੋਰ ॥

ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ,

ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥

ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ।

ਰਾਮਾਨੰਦ ਸੁਆਮੀ ਰਮਤ ਬ੍ਰਹਮ ॥

ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ,

ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥

(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥

ਬਸੰਤੁ ਬਾਣੀ ਨਾਮਦੇਉ ਜੀ ਕੀ ॥

ਰਾਗ ਬਸੰਤੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾਹਿਬੁ ਸੰਕਟਵੈ ਸੇਵਕੁ ਭਜੈ ॥

ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ,

ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥

(ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ॥੧॥

ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥

(ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।

ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥

ਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ॥੧॥ ਰਹਾਉ ॥

ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥

ਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ,

ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥

ਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ॥੨॥

ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥

ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ-ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ;


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430