ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ।
ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ-ਸਾਥੀ ਬਣਿਆ ਰਹਿੰਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੨॥
ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ।
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ।
ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ ॥੩॥
ਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ।
ਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।
ਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ।
ਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਕਾਰ ਕਰਦਾ ਹੈ ॥੫॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ।
ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।
ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ॥੬॥
ਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ।
(ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ)।
ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ ॥੭॥
ਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।
ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ,
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੮॥੨੫॥੨੬॥
ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, (ਅਜਿਹਾ ਨਿਸਚਾ)
ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ।
ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ ॥੧॥
ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
(ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥
ਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ।
ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ।
ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ ॥੨॥
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ॥੩॥
ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ।
ਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ।
ਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ ॥੪॥
(ਹੇ ਭਾਈ!) ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ।
ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ।
ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ॥੫॥
(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ।
ਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ।
(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ ॥੬॥
(ਹੇ ਭਾਈ!) ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ।
ਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ।
(ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੭॥