ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ।
(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ॥੨॥੪॥੩੫॥
ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।
(ਹਾਲਾਂਕਿ ਉਹ) ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ ॥੧॥
ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ।
ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ਰਹਾਉ॥
ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ।
ਨਾਨਕ ਆਖਦਾ ਹੈ- (ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ॥੨॥੫॥੩੬॥
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ।
ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ।
ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ ॥
ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ।
ਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥
ਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ।
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥
ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ।
ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ॥੧॥ ਰਹਾਉ ॥
ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ।
ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥
ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ।
(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥
ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!
ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥
ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;
ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥
ਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ।
ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥
ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,
ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ॥