(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ ॥
ਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।
ਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,
ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
ਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥
ਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ,
ਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?
ਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।
ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
ਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।
ਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ।
ਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।
(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
ਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ।
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥
ਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
ਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ।
ਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ।
ਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
ਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ,
ਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।
ਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ।
ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥
ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।
ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ 'ਕਾਫੀ'।
ਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।
ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥
ਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
ਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ ॥
ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤੇ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ।
ਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥
ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ।
ਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆ ਵੱਸਦਾ ਹੈ ॥੩॥
ਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।
ਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥
ਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ,
ਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ ॥੫॥
ਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,
ਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥
(ਪਰ) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,
ਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥