ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥
ਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,
ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-(ਉਤਨਾ ਚਿਰ) ਤੇਰੇ ਅੰਦਰ ਸਹਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ॥੪॥੨॥
(ਸੰਸਾਰ-ਸਮੁੰਦਰ ਤੋਂ ਪਾਰ, ਹੇ ਪ੍ਰਭੂ!) ਜਿਸ ਥਾਂ ਤੇ ਤੂੰ ਵੱਸਦਾ ਹੈਂ (ਸੰਸਾਰ-ਸਮੁੰਦਰ ਵਿਚ ਫਸੇ ਜੀਵਾਂ ਤੋਂ) ਉਹ ਥਾਂ ਬਿਆਨ ਨਹੀਂ ਹੋ ਸਕਦਾ, (ਮਾਇਆ-ਵੇੜ੍ਹੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ), ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ।
(ਜਿਥੇ ਪ੍ਰਭੂ ਵੱਸਦਾ ਹੈ) ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ (ਚਿਰਾਂ ਤੋਂ) ਭਾਲ ਕਰਦਾ ਫਿਰਦਾ ਹਾਂ, (ਮੇਰਾ ਮਨ ਲੋਚਦਾ ਹੈ ਕਿ) ਕੋਈ (ਗੁਰਮੁਖਿ) ਆ ਕੇ ਮੈਨੂੰ ਉਹ ਥਾਂ ਦੱਸੇ ॥੧॥
(ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸੰਸਾਰ-ਸਮੁੰਦਰ ਵਿੱਥ ਪਾ ਰਿਹਾ ਹੈ।
ਜਦ ਤਕ ਸੰਸਾਰ-ਸਮੁੰਦਰ ਤੋਂ ਪਾਰ ਨ ਲੰਘੀਏ, ਤਦ ਤਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ) ਸੰਸਾਰ-ਸਮੁੰਦਰ ਤੋਂ ਪਾਰ ਕਿਨ੍ਹਾਂ ਤਰੀਕਿਆਂ ਨਾਲ ਲੰਘੀਏ? ਜੀਊਂਦਿਆਂ ਮਰਿਆ ਨਹੀਂ ਜਾ ਸਕਦਾ (ਤੇ, ਜਦ ਤਕ ਜੀਊਂਦੇ ਮਰੀਏ ਨਾਹ, ਤਦ ਤਕ ਸਮੁੰਦਰ ਤਰਿਆ ਨਹੀਂ ਜਾ ਸਕਦਾ) ॥੧॥ ਰਹਾਉ ॥
ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ (ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ) ਬੈਠਾ ਹੋਇਆ ਹੈ (ਜਿਸ ਦੇ ਬਾਹਰ) ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ (ਉਸ ਦੁੱਖ-ਦਰਵਾਜ਼ੇ ਨੂੰ) ਦੋ ਭਿੱਤ ਲੱਗੇ ਹੋਏ ਹਨ।
ਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ (ਪੁੱਟੀ ਹੋਈ) ਹੈ (ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ) ਪਾਣੀ ਵਿਚ (ਮਨੁੱਖ ਦਾ (ਹਿਰਦਾ-) ਘਰ ਬਣਿਆ ਹੋਇਆ ਹੈ ॥੨॥
(ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਹੇ ਪ੍ਰਭੂ! ਭਾਵੇਂ) ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
(ਮਨ ਦੇ ਅਜੇਹੇ ਭਾਵ) ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, (ਸਭ ਦੇ ਅੰਦਰ ਪ੍ਰੇਰਕ ਹੋ ਕੇ) ਆਪ ਹੀ (ਸਭ ਕੁਝ) ਕਰ ਰਿਹਾ ਹੈ ॥੩॥
ਜਦ ਤਕ (ਜੀਵ ਦੇ ਮਨ ਵਿਚ ਮਾਇਆ ਦੀਆਂ) ਆਸਾਂ ਹਨ, ਤਦ ਤਕ ਸਹਿਮ-ਫ਼ਿਕਰ ਹਨ (ਸਹਿਮਾਂ ਫ਼ਿਕਰਾਂ ਵਿਚ ਰਹਿ ਕੇ) ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ।
ਪਰ ਹੇ ਨਾਨਕ! ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ (ਇਸ ਨੂੰ) ਪਰਮਾਤਮਾ ਮਿਲ ਪੈਂਦਾ ਹੈ ॥੪॥
(ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ!) ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
ਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੩॥
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ।
(ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ॥੧॥
ਹੇ ਜੋਗੀ! (ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ।
(ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥
(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ,
ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ॥੨॥
ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ,
ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ॥੩॥
ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ,
ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੪॥੪॥
ਨਾਨਕ ਆਖਦਾ ਹੈ-ਹੇ ਮਾਛਿੰਦ੍ਰ! ਸੁਣ।
(ਅਸਲ ਵਿਰਕਤ ਕਾਮਾਦਿਕ) ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ (ਇਹਨਾਂ ਦੇ ਸਾਹਮਣੇ) ਉਹ ਕਦੇ ਡੋਲਦਾ ਨਹੀਂ।
ਉਹ ਵਿਰਕਤ ਇਸ ਤਰ੍ਹਾਂ ਦੀ ਜੀਵਨ-ਜੁਗਤਿ ਨੂੰ ਸੰਭਾਲ ਰੱਖਦਾ ਹੈ, ਇਹੀ ਹੈ ਉਸ ਦਾ ਜੋਗ-ਸਾਧਨ।
(ਇਸ ਜੁਗਤਿ ਨਾਲ ਉਹ) ਆਪ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚੋਂ) ਪਾਰ ਲੰਘ ਜਾਂਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥
(ਹੇ ਮਾਛਿੰਦ੍ਰ! ਅਸਲ) ਵਿਰਕਤ ਉਹ ਹੈ ਜਿਸ ਨੂੰ ਅਜੇਹੀ ਸਮਝ ਆ ਜਾਂਦੀ ਹੈ,
ਕਿ ਉਹ ਦਿਨ ਰਾਤ ਐਸੇ ਆਤਮਕ ਟਿਕਾਉ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੁੰਦੀ ਹੈ ॥੧॥ ਰਹਾਉ ॥
(ਹੇ ਮਾਛਿੰਦ੍ਰ! ਅਸਲ ਵਿਰਕਤ) ਪਰਮਾਤਮਾ ਦੇ ਪਿਆਰ ਵਿਚ ਭਗਤੀ ਵਿਚ ਅਤੇ ਡਰ-ਅਦਬ ਵਿਚ ਜੀਵਨ ਬਤੀਤ ਕਰਦਾ ਹੈ, ਇਹ ਹੈ ਉਸ ਦੀ (ਆਤਮਕ) ਭਿੱਛਿਆ (ਜੋ ਉਹ ਪ੍ਰਭੂ ਦੇ ਦਰ ਤੋਂ ਹਾਸਲ ਕਰਦਾ ਹੈ।
ਇਸ ਭਿੱਛਿਆ ਨਾਲ ਉਸ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਤੇ) ਉਸ ਅਮੋਲਕ ਸੰਤੋਖ ਨਾਲ ਉਹ ਰੱਜਿਆ ਰਹਿੰਦਾ ਹੈ (ਭਾਵ, ਉਸ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ)।
(ਪ੍ਰਭੂ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ ਉਹ ਵਿਰਕਤ) ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ, ਇਸ ਲਿਵ-ਲੀਨਤਾ ਦਾ ਉਹ (ਆਪਣੇ ਆਤਮਾ ਵਾਸਤੇ) ਆਸਣ ਵਿਛਾਂਦਾ ਹੈ।
ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ, ਪਰਮਾਤਮਾ ਦੇ ਨਾਮ ਵਿਚ ਉਹ ਆਪਣਾ ਚਿੱਤ ਜੋੜਦਾ ਹੈ, ਇਹ (ਉਸ ਵਿਰਕਤ ਦੀ) ਤਾੜੀ ਹੈ ॥੨॥
ਨਾਨਕ ਆਤਮਕ ਜੀਵਨ ਦੇਣ ਵਾਲੀ ਬਾਣੀ ਆਖਦਾ ਹੈ-
ਹੇ ਮਾਛਿੰਦ੍ਰ! ਸੁਣ। ਵਿਰਕਤ ਦੇ ਲੱਛਣ ਇਹ ਹਨ ਕਿ
(ਅਸਲੀ ਵਿਰਕਤ) ਦੁਨੀਆ ਦੀਆਂ ਆਸਾਂ ਵਿਚ ਰਹਿੰਦਾ ਹੋਇਆ ਭੀ ਆਸਾਂ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ,
ਤੇ ਇਸ ਤਰ੍ਹਾਂ ਹੇ ਨਾਨਕ! ਉਹ ਯਕੀਨੀ ਤੌਰ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ॥੩॥
ਨਾਨਕ ਬੇਨਤੀ ਕਰਦਾ ਹੈ-(ਹੇ ਮਾਛਿੰਦ੍ਰ! ਅਸਲ ਵਿਰਕਤ) ਅਪਹੁੰਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆਪ ਸੁਣਦਾ ਹੈ ਤੇ ਹੋਰਨਾਂ ਨੂੰ) ਸੁਣਾਂਦਾ ਹੈ।
(ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਸਲ ਵਿਰਕਤ) ਗੁਰੂ ਵਿਚ ਆਪਣਾ ਆਪ ਮਿਲਾ ਦੇਂਦਾ ਹੈ।
ਗੁਰੂ ਦੀ ਸਿੱਖਿਆ ਦੀ ਆਤਮਕ ਖ਼ੁਰਾਕ ਖਾਂਦਾ ਹੈ, ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ (ਜੋ ਉਸ ਦੇ ਆਤਮਕ ਰੋਗਾਂ ਦਾ ਇਲਾਜ ਕਰਦੀ ਹੈ)।