(ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ।
(ਇਸ ਤਰ੍ਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ ॥੧॥
ਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ।
ਗੁਰੂ ਦੀ ਮਤਿ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧॥ ਰਹਾਉ ॥
ਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ), ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ,
(ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।
ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ॥੨॥
ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ।
ਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ ॥੩॥
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ।
(ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ ॥੪॥
ਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ),
ਜਿਸ ਮਨੁੱਖ ਦੀ ਸੁਰਤ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
ਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।
ਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ।
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤ ਜਕੜੀ ਪਈ ਸੀ) ॥੬॥
ਉਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ,
ਅਤੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ।
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ॥੭॥
(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ।
(ਹੇ ਭਾਈ!) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤ ਦੇ ਕੇ) ਵਡਿਆਈ ਬਖ਼ਸ਼ਦਾ ਹੈ।
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ ॥੮॥੧॥੨॥
ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ।
ਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ)।
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੧॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ॥੧॥ ਰਹਾਉ ॥
ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।
ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ।
ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੨॥
(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ।
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ)।
ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੩॥
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ,
ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ।
ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ॥੪॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ,
ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ,
ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ॥੫॥