(ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ।
ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ।
(ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ।
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ।
ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ।
ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ।
ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ।
ਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ।
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ।
ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ।
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ।
ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ।
ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ।
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ।
ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ।
ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ।
ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ।
ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ।
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ।
ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ।
ਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ)। ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ)।
(ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ।
ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ।
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ॥੧॥
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ।
(ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ।
(ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ।
ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ।
ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ-ਪ੍ਰੇਮ ਨਾਲ ਆਤਮਕ ਆਨੰਦ ਮਾਣੋਗੇ।
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ॥੨॥
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।