(ਹੇ ਬ੍ਰਾਹਮਣ! ਮੂਰਤੀ ਅਤੇ ਤੁਲਸੀ ਦੀ ਪੂਜਾ ਕਰ ਕੇ) ਤੂੰ ਆਪਣਾ ਜਨਮ (ਵਿਅਰਥ) ਗਵਾ ਰਿਹਾ ਹੈਂ। (ਤੇਰਾ ਇਹ ਉੱਦਮ ਇਉਂ ਹੀ ਹੈ ਜਿਵੇਂ ਕੋਈ ਕਿਸਾਨ ਕਲਰਾਠੀ ਧਰਤੀ ਨੂੰ ਪਾਣੀ ਦੇਈ ਜਾਏ, ਕੱਲਰ ਵਿਚ ਫ਼ਸਲ ਨਹੀਂ ਉੱਗੇਗਾ) ਤੂੰ ਵਿਅਰਥ ਹੀ ਕੱਲਰ ਨੂੰ ਸਿੰਜ ਰਿਹਾ ਹੈਂ।
(ਗਾਰੇ ਦੀ) ਕੱਚੀ ਕੰਧ (ਜ਼ਰੂਰ) ਢਹਿ ਜਾਇਗੀ (ਅੰਦਰਲੇ ਆਚਰਨ ਨੂੰ ਵਿਸਾਰ ਕੇ ਤੂੰ ਬਾਹਰ ਤੁਲਸੀ ਆਦਿਕ ਦੀ ਪੂਜਾ ਕਰ ਰਿਹਾ ਹੈਂ, ਤੂੰ ਤਾਂ ਗਾਰੇ ਦੀ ਕੱਚੀ ਕੰਧ ਉਤੇ) ਚੂਨੇ ਦਾ ਪਲਸਤਰ ਵਿਅਰਥ ਹੀ ਕਰ ਰਿਹਾ ਹੈਂ ॥੧॥ ਰਹਾਉ ॥
(ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਵਾਸਤੇ ਖੂਹ ਨੂੰ ਘੜਮਾਲ੍ਹਦਾ ਹੈ, ਆਪਣੇ ਬਲਦ ਜੋਅ ਕੇ ਖੂਹ ਚਲਾਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ, ਇਸੇ ਤਰ੍ਹਾਂ ਹੇ ਬ੍ਰਾਹਮਣ!) ਹੱਥੀਂ ਸੇਵਾ ਕਰਨ ਨੂੰ ਹਰ੍ਹਟ ਤੇ ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਵਿਚ ਟਿੰਡਾਂ ਜੋੜਨਾ ਬਣਾ।
(ਹੱਥੀਂ ਸੇਵਾ ਵਾਲੇ ਘੜਮਾਲ੍ਹੇ ਖੂਹ) ਵਿਚ ਆਪਣਾ ਮਨ ਜੋਅ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਤੇ ਆਪਣੇ ਗਿਆਨ-ਇੰਦ੍ਰਿਆਂ ਦੇ ਕਿਆਰੇ ਇਸ ਨਾਮ-ਜਲ ਨਾਲ ਨਕਾਨਕ ਭਰ। ਤਦੋਂ ਹੀ ਤੂੰ ਇਸ ਜਗਤ-ਬਾਗ਼ ਦੇ ਪਾਲਣ-ਹਾਰ ਪ੍ਰਭੂ ਦਾ ਪਿਆਰਾ ਬਣੇਗਾ ॥੨॥
(ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ। ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ, ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)।
ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ ॥੩॥
ਹੇ ਪ੍ਰਭੂ! ਹੇ ਦਿਆਲ ਪ੍ਰਭੂ! ਜੇ ਤੂੰ ਮੇਹਰ ਕਰੇਂ ਤਾਂ (ਤੇਰੀ ਮੇਹਰ ਨਾਲ ਮਨੁੱਖ ਪਖੰਡੀ) ਬਗੁਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ।
ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ) ਹੇ ਦਿਆਲ ਪ੍ਰਭੂ! ਮੇਹਰ ਕਰ (ਤੇ ਬਗੁਲੇ ਤੋਂ ਹੰਸ ਕਰਨ ਵਾਲਾ ਆਪਣਾ ਨਾਮ ਬਖ਼ਸ਼) ॥੪॥੧॥੯॥
ਆਤਮਕ ਜੀਵਨ ਦੀ ਦਾਤ ਜੋ ਪਤੀ-ਪ੍ਰਭੂ ਵਲੋਂ ਮਿਲੀ ਸੀ ਉਹ ਤਾਂ ਸਭਨਾਂ ਨਾਲ ਵੰਡੀ ਜਾ ਸਕਣ ਵਾਲੀ ਸੀ, ਪਰ ਜਗਤ-ਪੇਕੇ ਘਰ ਵਿਚ ਰਹਿੰਦਿਆਂ (ਮਾਇਆ ਦੇ ਮੋਹ ਦੇ ਪ੍ਰਭਾਵ ਹੇਠ) ਮੈਂ ਜੀਵ-ਇਸਤ੍ਰੀ ਵਿਤਕਰੇ ਹੀ ਸਿੱਖਦੀ ਰਹੀ।
ਮੈਂ ਆਪ ਹੀ ਕੁਚੱਜੀ ਰਹੀ (ਭਾਵ, ਮੈਂ ਸੋਹਣੀ ਜੀਵਨ-ਜੁਗਤਿ ਨਾਹ ਸਿੱਖੀ। ਇਸ ਕੁਚੱਜ ਵਿਚ ਦੁੱਖ ਸਹੇੜੇ ਹਨ, ਪਰ) ਮੈਂ ਕਿਸੇ ਹੋਰ ਉਤੇ (ਇਹਨਾਂ ਦੁੱਖਾਂ ਬਾਰੇ) ਕੋਈ ਦੋਸ ਨਹੀਂ ਲਾ ਸਕਦੀ। (ਪਤੀ-ਪ੍ਰਭੂ ਵਲੋਂ ਮਿਲੀ ਆਤਮਕ ਜੀਵਨ ਦੀ ਦਾਤ ਨੂੰ) ਸਾਂਭ ਕੇ ਰੱਖਣ ਦੀ ਮੈਨੂੰ ਜਾਚ ਨਹੀਂ ਆਈ ॥੧॥
ਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ।
(ਮਾਇਆ ਦੇ ਮੋਹ ਵਿਚ ਫਸ ਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਂਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ) ਸੰਸਕਾਰ ਮੇਰੇ ਮਨ ਵਿਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ (ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ) ॥੧॥ ਰਹਾਉ ॥
ਜੇਹੜੀਆਂ ਜੀਵ-ਇਸਤ੍ਰੀਆਂ ਸ਼ੁਭ ਗੁਣਾਂ ਦੇ ਸੋਹਣੇ ਚਿੱਤਰ (ਆਪਣੇ ਮਨ ਵਿਚ ਬਣਾ ਕੇ) ਪ੍ਰੇਮ ਦਾ ਪਟੋਲਾ ਪਹਿਨਦੀਆਂ ਹਨ ਉਹਨਾਂ ਨੂੰ ਹੀ ਸੁਚੱਜੀਆਂ ਇਸਤ੍ਰੀਆਂ ਸਮਝੋ।
ਜੇਹੜੀਆਂ ਇਸਤ੍ਰੀਆਂ ਆਪਣਾ (ਆਤਮਕ ਜੀਵਨ ਦਾ) ਘਰ ਸਾਂਭ ਕੇ ਰੱਖਦੀਆਂ ਹਨ ਕੋਈ ਵਿਕਾਰ ਕੋਈ ਭੈੜ ਨਹੀਂ ਚੱਖਦੀਆਂ (ਭਾਵ, ਜੋ ਮਾੜੇ ਰਸਾਂ ਵਿਚ ਪਰਵਿਰਤ ਨਹੀਂ ਹੁੰਦੀਆਂ) ਉਹ ਖਸਮ-ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ॥੨॥
ਜੇ ਤੂੰ ਸਚ ਮੁਚ ਪੜ੍ਹਿਆ-ਲਿਖਿਆ ਵਿਦਵਾਨ ਹੈਂ ਸਿਆਣਾ ਹੈਂ (ਤਾਂ ਇਹ ਗੱਲ ਪੱਕੀ ਤਰ੍ਹਾਂ ਸਮਝ ਲੈ ਕਿ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚੋਂ ਪਾਰ ਲੰਘਾਣ ਲਈ) ਹਰਿ-ਨਾਮ ਹੀ ਬੇੜੀ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਹਰਿ-ਨਾਮ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ਜੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਿਆ ਰਹਾਂ ॥੩॥੨॥੧੦॥
ਹੇ ਪੰਡਿਤ! (ਜੇ ਕੋਈ ਵਿਚਾਰ ਦੀ ਗੱਲ ਕਰਨੀ ਹੈ ਤਾਂ) ਇਹ ਸੋਚੋ ਕਿ (ਸਰੀਰ-ਨਗਰੀ ਉਤੇ) ਰਾਜ ਕਰਨ ਵਾਲਾ ਮਨ ਅੰਞਾਣ ਹੈ, ਇਹ ਸਰੀਰ-ਨਗਰ ਭੀ ਕੱਚਾ ਹੈ (ਬਾਹਰੋਂ ਵਿਕਾਰਾਂ ਦੇ ਹੱਲਿਆਂ ਦਾ ਟਾਕਰਾ ਕਰਨ-ਜੋਗਾ ਨਹੀਂ ਹੈ ਕਿਉਂਕਿ ਗਿਆਨ-ਇੰਦ੍ਰੇ ਕਮਜ਼ੋਰ ਹਨ)। (ਫਿਰ ਇਸ ਅੰਞਾਣ ਮਨ ਦਾ) ਪਿਆਰ ਭੀ ਕਾਮਾਦਿਕ ਭੈੜੇ ਸਾਥੀਆਂ ਨਾਲ ਹੀ ਹੈ।
ਇਸ ਦੀਆਂ ਮਾਵਾਂ ਭੀ ਦੋ ਸੁਣੀਦੀਆਂ ਹਨ (ਬੁੱਧੀ ਅਤੇ ਅਵਿੱਦਿਆ), ਇਸ ਦੇ ਪਿਉ ਭੀ ਦੋ ਹੀ ਦੱਸੀਦੇ ਹਨ (ਪਰਮਾਤਮਾ ਅਤੇ ਮਾਇਆ-ਵੇੜ੍ਹਿਆ ਜੀਵਾਤਮਾ। ਆਮ ਤੌਰ ਤੇ ਇਹ ਅੰਞਾਣ ਮਨ ਅਵਿੱਦਿਆ ਅਤੇ ਮਾਇਆ-ਵੇੜ੍ਹੇ ਜੀਵਾਤਮਾ ਦੇ ਢਹੇ ਚੜ੍ਹਿਆ ਰਹਿੰਦਾ ਹੈ) ॥੧॥
ਹੇ ਪੰਡਿਤ ਜੀ ਮਹਾਰਾਜ! ਤੁਸੀਂ ਤਾਂ ਹੋਰ ਹੋਰ ਤਰ੍ਹਾਂ ਦੀ ਸਿੱਖਿਆ ਦੇ ਰਹੋ ਹੋ,
(ਅਜੇਹੀ ਦਿੱਤੀ ਮੱਤ ਨਾਲ) ਮੈਂ ਆਪਣੇ ਪ੍ਰਾਣਾਂ ਦੇ ਮਾਲਕ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ॥੧॥ ਰਹਾਉ ॥
ਸਰੀਰ ਦੇ ਅੰਦਰ ਵਿਕਾਰਾਂ ਦੀ ਅੱਗ (ਮਚੀ ਹੋਈ ਹੈ) ਜਵਾਨੀ ਭੀ ਲਹਿਰਾਂ ਲੈ ਰਹੀ ਹੈ (ਜਿਵੇਂ ਹਰੀ-ਭਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ), ਮਾਇਕ ਵਾਸਨਾਂ ਦਾ ਸਮੁੰਦਰ ਇਸ ਸਰੀਰ ਦੇ ਅੰਦਰ ਠਾਠਾਂ ਮਾਰ ਰਿਹਾ ਹੈ (ਮਾਨੋ, ਸਮੁੰਦਰ ਇਕ ਪਿੰਡ ਵਿਚ ਲੁਕਿਆ ਪਿਆ ਹੈ। ਸੋ, ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ੍ਹ ਨੂੰ ਰੋਕ ਸਕੇ)।
(ਹੇ ਪੰਡਿਤ! ਤੂੰ ਤਾਂ ਹੋਰ ਹੋਰ ਕਿਸਮ ਦੀ ਮੱਤ ਦੇ ਰਿਹਾ ਹੈਂ, ਤੇਰੀ ਦਿੱਤੀ ਸਿੱਖਿਆ ਨਾਲ ਅੰਞਾਣ ਮਨ ਨੂੰ) ਇਹ ਸਮਝ ਨਹੀਂ ਆਉਂਦੀ ਕਿ ਸੀਤਲਤਾ (-ਸ਼ਾਂਤੀ) ਅਤੇ ਰੱਬੀ ਤੇਜ ਦੋਵੇਂ ਮਨੁੱਖਾ ਸਰੀਰ ਦੇ ਅੰਦਰ ਮੌਜੂਦ ਹਨ ॥੨॥
ਉਹੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ (ਬੁੱਧੀ ਤੇ ਅਵਿੱਦਿਆ ਦੋ ਮਾਂਵਾਂ ਵਿਚੋਂ) ਇਕ ਮਾਂ (ਅਵਿੱਦਿਆ ਨੂੰ) ਮੁਕਾ ਦੇਵੇ।
(ਜੇਹੜਾ ਮਨੁੱਖ ਅਵਿੱਦਿਆ-ਮਾਂ ਨੂੰ ਮੁਕਾਂਦਾ ਹੈ) ਉਸ ਦੇ (ਰੋਜ਼ਾਨਾ ਜੀਵਨ ਦੇ) ਲੱਛਣ ਇਹ ਦਿੱਸਦੇ ਹਨ ਕਿ ਉਹ ਦੂਜਿਆਂ ਦੀ ਵਧੀਕੀ ਠੰਢੇ-ਜਿਗਰੇ ਸਹਾਰਨ ਦਾ ਆਤਮਕ ਧਨ (ਸਦਾ) ਇਕੱਠਾ ਕਰਦਾ ਹੈ ॥੩॥
(ਇਨਸਾਨੀ ਮਨ ਬੇ-ਵੱਸ ਹੈ) ਇਸ ਦਾ ਸੰਗ ਸਦਾ ਉਹਨਾਂ (ਗਿਆਨ-ਇੰਦ੍ਰਿਆਂ) ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹਨ ਅਤੇ ਜੋ ਵਿਸ਼ੇ-ਵਿਕਾਰਾਂ ਵਲੋਂ ਕਦੇ ਰੱਜਦੇ ਭੀ ਨਹੀਂ ਹਨ।
(ਹੇ ਪ੍ਰਭੂ! ਤੇਰੇ) ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਇਹੀ ਕਾਰਨ ਹੈ ਕਿ ਇਹ ਮਨ) ਕਦੇ ਤੋਲਾ ਹੋ ਜਾਂਦਾ ਹੈ, ਕਦੇ ਮਾਸਾ ਰਹਿ ਜਾਂਦਾ ਹੈ (ਕਦੇ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤੇ ਕਦੇ ਘਬਰਾ ਜਾਂਦਾ ਹੈ) ॥੪॥੩॥੧੧॥
ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ।
ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕਾਈ ਰੱਖਦਾ ਹੈ) ॥੧॥
ਹੇ (ਮੇਰੇ) ਮਨ! ਪਰਮਾਤਮਾ ਨੂੰ (ਸਦਾ) ਚੇਤੇ ਰੱਖ।
(ਵੇਖੀਂ, ਮਾਇਆ ਦੀ ਭੁੱਖ ਵਿਚ ਫਸ ਕੇ) ਕਿਤੇ (ਉਸ ਨੂੰ) ਭੁਲਾ ਨਾ ਦੇਈਂ। (ਪਰ) ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਮਾਇਆ ਦੀ ਭੁੱਖ ਤੋਂ ਖ਼ਲਾਸੀ ਨਹੀਂ ਹੋ ਸਕਦੀ (ਭਾਵੇਂ) ਤਿੰਨਾਂ ਲੋਕਾਂ ਵਿਚ ਹੀ (ਦੌੜ-ਭੱਜ ਕਰ ਕੇ ਵੇਖ ਲੈ), (ਇਸ ਵਾਸਤੇ, ਹੇ ਮਨ! ਗੁਰੂ ਦਾ ਪੱਲਾ ਫੜ) ॥੧॥ ਰਹਾਉ ॥
ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ (ਭਾਵ, ਗੁਰੂ ਦੀ ਕਦਰ ਨਹੀਂ ਪਾ ਸਕੀਦੀ), ਤੇ ਭਾਗਾਂ ਤੋਂ ਬਿਨਾ (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਤੋਂ ਬਿਨਾ) ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ।
(ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਵਾਲੇ) ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤ ਨਹੀਂ ਮਿਲਦੀ (ਭਾਵ, ਸਤਸੰਗ ਦੀ ਕਦਰ ਨਹੀਂ ਪੈ ਸਕਦੀ), ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥
ਜੇਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ, ਉਹ ਹਰੇਕ ਸਰੀਰ ਵਿਚ ਲੁਕਿਆ ਬੈਠਾ ਹੈ, ਗੁਰੂ ਦੀ ਸਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਹਰ ਥਾਂ ਪ੍ਰਤੱਖ ਦਿੱਸਣ ਲੱਗ ਪੈਂਦਾ ਹੈ।
ਉਹ ਸੰਤ ਜਨ ਸਦਾ ਪ੍ਰਭੂ ਦਾ ਨਾਮ ਜਪਦੇ ਹਨ, ਤੇ ਉਸ ਦੇ ਪਿਆਰ-ਰੰਗ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਦਾ ਆਤਮਕ ਜ਼ਿੰਦਗੀ ਦੇਣ ਵਾਲਾ ਨਾਮ-ਜਲ ਸਦਾ ਵੱਸਦਾ ਰਹਿੰਦਾ ਹੈ ॥੩॥