ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।
(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।
(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।
(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।
ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।
ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।
ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।
(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।
ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।
ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।
(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।
ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ 'ਨਾਮ'-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥
ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,
ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।
ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)
(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥
ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ 'ਸੁਬਹਾਨੁ' (ਆਖ ਆਖ ਕੇ) ਵਡਿਆਉਂਦਾ ਹਾਂ।
ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।
(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।
ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।
ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।
ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।
ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥
ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,
ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥
ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।
ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।
(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।
ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।
ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ('ਸੂਝ ਬੂਝ' ਦੀ) ਦਾਤ ਮਿਲਦੀ ਹੈ,
ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।
ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।
ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।
(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।
ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।
ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ') ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।
ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।
ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।