ਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ,
ਕਿਸੇ ਨੇ ਆਪਣੇ ਸੱਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ,
ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ (ਪਿੰਡ ਦੇ) ਸਰਦਾਰ ਨਾਲ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ;
ਪਰ ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ ॥੧॥
ਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ।
ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ। ਮੈਂ ਪਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥
ਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ ਉਹ (ਆਖ਼ਰ ਜਗਤ ਤੋਂ) ਕੂਚ ਕਰ ਜਾਂਦੇ ਹਨ,
(ਧੜੇ ਬਣਾਣ ਵਾਲੇ ਇਹ) ਝੂਠਾ ਅਡੰਬਰ ਕਰ ਕੇ ਇਹ ਧੜੇ ਬਣਾ ਕੇ (ਉਹਨਾਂ ਦੇ ਮਰਨ ਤੇ) ਪਛੁਤਾਂਦੇ ਹਨ।
(ਧੜੇ ਬਣਾਣ ਵਾਲੇ ਆਪ ਭੀ) ਸਦਾ (ਦੁਨੀਆ ਵਿਚ) ਟਿਕੇ ਨਹੀਂ ਰਹਿੰਦੇ, (ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ) ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ।
ਪਰ ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ ॥੨॥
(ਹੇ ਭਾਈ! ਦੁਨੀਆ ਦੇ) ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ ਮੋਹ ਦਾ ਖਿਲਾਰਾ ਹਨ।
(ਧੜੇ ਬਣਾਣ ਵਾਲੇ) ਮੂਰਖ ਲੋਕ ਮਾਇਆ ਦੀ ਖ਼ਾਤਰ ਹੀ (ਆਪੋ ਵਿਚ) ਲੜਦੇ ਰਹਿੰਦੇ ਹਨ।
(ਇਸ ਕਾਰਨ ਉਹ ਮੁੜ ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋ) ਜੂਏ ਵਿਚ ਹੀ (ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿਚੋਂ ਹਾਸਲ ਕੁਝ ਨਹੀਂ ਹੁੰਦਾ)।
ਪਰ ਮੇਰੇ ਨਾਲ ਤਾਂ ਸਾਥੀ ਹੈ ਪਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ ॥੩॥
ਪਰਮਾਤਮਾ ਨਾਲੋਂ ਵਿਛੜ ਕੇ (ਕਲਿਜੁਗੀ ਸੁਭਾਵ ਵਿਚ ਫਸ ਕੇ) ਮਨੁੱਖਾਂ ਦੇ ਧੜੇ ਬਣਦੇ ਹਨ,
ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, (ਪਰਮਾਤਮਾ ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ) ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ।
ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ ਉਹ ਇਹਨਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ)।
(ਹੇ ਭਾਈ!) ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ (ਮੇਰੇ ਅੰਦਰੋਂ) ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ ॥੪॥
(ਪਰਮਾਤਮਾ ਨੂੰ ਛੱਡ ਕੇ) ਮਾਇਆ ਦਾ ਝੂਠਾ ਪਿਆਰ (ਮਨੁੱਖ ਦੇ ਅੰਦਰ) ਟਿਕ ਕੇ ਧੜੇ (-ਬਾਜ਼ੀਆਂ) ਪੈਦਾ ਕਰਦਾ ਹੈ।
(ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ) ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ (ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ।
(ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਮਨੁੱਖ ਆਪਣੇ ਆਤਮਕ ਜੀਵਨ ਵਾਸਤੇ) ਜਿਹੋ ਜਿਹਾ ਬੀ ਬੀਜਦਾ ਹੈ ਉਹੋ ਜਿਹਾ ਫਲ ਹਾਸਲ ਕਰਦਾ ਹੈ।
ਦਾਸ ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪਰਮਾਤਮਾ ਹੈ (ਪਰਮਾਤਮਾ ਦਾ ਆਸਰਾ ਹੀ ਨਾਨਕ ਦਾ) ਧਰਮ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ ॥੫॥੨॥੫੪॥
(ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ।
ਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ॥੧॥
ਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ,
ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। (ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ॥੧॥ ਰਹਾਉ ॥
(ਹੇ ਭੈਣੋ!) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ।
ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ (ਜਿਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ॥੨॥
(ਪਰ, ਹੇ ਭੈਣੋ!) ਜਿਹੜੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ,
ਉਹ ਮਨੁੱਖ ਬਦ-ਨਸੀਬ ਹਨ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ॥੩॥
(ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ,
ਹੇ ਨਾਨਕ! ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ ॥੪॥੩॥੫੫॥
(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ।
ਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ ॥੧॥
ਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ।
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ ॥੧॥ ਰਹਾਉ ॥
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ।
ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੨॥
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।
ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ ॥੩॥