ਹੇ ਦਾਸ ਨਾਨਕ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ॥੪॥੪॥੩੦॥੬੮॥
(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ,
ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ।
ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ॥੧॥
ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ।
(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ।
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ॥੨॥
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ।
ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ।
(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।
ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ (ਪ੍ਰਭੂ ਨੂੰ ਮਿਲ ਸਕੀਦਾ ਹੈ।) ॥੩॥
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ।
ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ।
ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ।
ਹੇ ਦਾਸ ਨਾਨਕ! (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ॥੪॥੫॥੩੧॥੬੯॥
ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ।
ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ।
(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ।
ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ॥੧॥
(ਹੇ ਭਾਈ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ।
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,
ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ॥੨॥
ਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ।
ਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ।
ਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,
ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ॥੩॥
ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।
ਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ।
ਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,
ਤੇ ਹੇ ਦਾਸ ਨਾਨਕ! (ਆਖ-) ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ॥੪॥੬॥੨੦॥੧੮॥੩੨॥੭੦॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ ॥
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ।
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ।
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥
ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,
ਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥