ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ।
ਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ।
ਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।
(ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ ॥੧॥
(ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ।
(ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ।
ਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ।
ਸਤਿਗੁਰੂ ਦਾ ਭਾਣਾ (ਮੰਨਣਾ)-ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ।
ਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤ ਦੁਆਰਾ ਹੀ (ਭਾਵ, ਸੁਰਤ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ ॥੨॥
ਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।
ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥
(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,
(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।
(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।
ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।
ਸਤਿਗੁਰੂ ਦੇ ਪਾਸ 'ਨਾਮ' ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।
ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥
ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),
ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ।
(ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ,
ਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ ਅਤੇ) ਹਰੀ ਨਾਮ ਜਪਦਾ ਹੈ।
ਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,
ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ ॥੨॥
ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,
ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,
(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)
ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।
ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.
(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।
ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥
ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ,
(ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।
(ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।