ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥
ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ।
ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥
ਹੇ (ਮੇਰੇ) ਮਨ! (ਸਭ ਦੇ) ਮਾਲਕ ਨਰਹਰ-ਪ੍ਰਭੂ ਦਾ ਨਾਮ ਜਪਿਆ ਕਰ, ਸਰਬ-ਵਿਆਪਕ ਰਾਮ ਦਾ ਨਾਮ ਜਪਿਆ ਕਰ, ਉਹ ਹਰੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹੀ ਹਰੀ ਮੇਰਾ ਪ੍ਰੀਤਮ ਹੈ ॥੧॥ ਰਹਾਉ ॥
ਹੇ (ਮੇਰੇ) ਮਨ! ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਉਸ (ਹਿਰਦੇ-) ਘਰ ਵਿਚ (ਮਾਨੋ) ਪੰਜ ਹੀ ਕਿਸਮਾਂ ਦੇ ਸਾਜ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ। (ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ) ਮੱਥੇ ਦੇ ਵੱਡੇ ਭਾਗ ਜਾਗਦੇ ਹਨ।
ਹੇ ਮਨ! ਉਹਨਾਂ ਮਨੁੱਖਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਰੋਗ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਸ ਹੋ ਜਾਂਦੇ ਹਨ। ਪਰਮਾਤਮਾ ਉਹਨਾਂ ਦੇ ਅੰਦਰੋਂ (ਆਤਮਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ) ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦੇਂਦਾ ਹੈ ॥੧॥
ਹੇ ਸੰਤ ਜਨੋ! ਪਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ। ਹੇ ਹਰੀ ਦੇ ਸੰਤ ਜਨੋ! ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਹੇ ਹਰੀ ਦੇ ਸਾਧ ਜਨੋ! ਆਪਣੇ ਮਨ ਦੀ ਰਾਹੀਂ (ਹਰੇਕ) ਬਚਨ ਦੀ ਰਾਹੀਂ (ਹਰੇਕ) ਕਰਮ ਦੀ ਰਾਹੀਂ ਪ੍ਰਭੂ ਦਾ ਆਰਾਧਨ ਕਰਿਆ ਕਰੋ।
ਹਰੀ ਦਾ ਨਾਮ ਉਚਾਰ ਕੇ, ਰਾਮ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ।
ਹੇ ਸੰਤ ਜਨੋ! ਸਦਾ ਹੀ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੋ। ਜਗਤ ਦੇ ਮਾਲਕ ਦਾ ਨਾਮ ਜਪ ਜਪ ਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਹੇ ਸੰਤ ਜਨੋ! (ਨਾਮ ਦੀ ਬਰਕਤਿ ਨਾਲ) ਸਾਰੇ ਮਨ-ਮੰਗੇ ਫਲ ਹਾਸਲ ਕਰੋਗੇ, ਸਾਰੀਆਂ ਮੁਰਾਦਾਂ ਪਾ ਲਵੋਗੇ। ਧਰਮ, ਅਰਥ, ਕਾਮ, ਮੋਖ-ਇਹ ਚਾਰੇ ਪਦਾਰਥ ਪ੍ਰਾਪਤ ਕਰ ਲਵੋਗੇ। ਹੇ ਦਾਸ ਨਾਨਕ! ਹੇ ਹਰੀ! ਜਿਹੜੇ ਮਨੁੱਖ ਤੇਰੇ (ਚਰਨਾਂ) ਨਾਲ ਜੁੜੇ ਰਹਿੰਦੇ ਹਨ ਉਹੀ ਤੇਰੇ ਭਗਤ ਹਨ ॥੨॥੨॥੯॥
ਹੇ ਮੇਰੇ ਮਨ! ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਜਪਿਆ ਕਰ, ਉਹੀ ਮਾਇਆ ਦਾ ਪਤੀ ਹੈ, ਉਹੀ ਮਧੂ ਰਾਖਸ਼ ਦਾ ਮਾਰਨ ਵਾਲਾ ਹੈ, ਉਹੀ ਹਰੀ ਲੱਛਮੀ ਦਾ ਖਸਮ ਹੈ, ਉਹੀ ਸਭ ਤੋਂ ਵੱਡਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ।
ਹੇ ਮੇਰੇ ਮਨ! ਹਰੀ ਪ੍ਰੀਤਮ ਦੇ ਗੁਣ ਗਾਇਆ ਕਰ, ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਹੀ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੧॥ ਰਹਾਉ ॥
ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ।
ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ,
ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ ॥੧॥
ਪਰਮਾਤਮਾ ਆਪਣੇ ਕਿਸੇ ਸੇਵਕ ਨੂੰ ਮਿਲਦਾ ਹੈ, (ਸੇਵਕ ਦੀ) ਸਰਧਾ-ਭਾਵਨੀ ਨਾਲ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਮਿਲਦਾ ਹੈ।
(ਗੁਰੂ ਦੀ ਮਿਹਰ ਨਾਲ ਜਦੋਂ ਮੈਂ ਭੀ) ਪ੍ਰਭੂ-ਪਾਤਿਸ਼ਾਹ ਦਾ ਦਰਸਨ ਕੀਤਾ, ਤਾਂ ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀ ਹੀ ਖ਼ੁਸ਼ੀ ਪੈਦਾ ਹੋ ਗਈ।
ਦਾਸ ਨਾਨਕ ਉਤੇ (ਭੀ) ਮਿਹਰ ਹੋਈ ਹੈ, ਹਰੀ ਦੀ ਮਿਹਰ ਹੋਈ ਹੈ, ਜਗਤ ਦੇ ਮਾਲਕ ਦੀ ਮਿਹਰ ਹੋਈ ਹੈ,
ਮੈਂ ਹੁਣ ਹਰ ਵੇਲੇ ਸਦਾ ਹੀ ਸਦਾ ਹੀ ਸਦਾ ਹੀ ਉਸ ਹਰੀ ਦਾ ਨਾਮ ਜਪ ਰਿਹਾ ਹਾਂ ॥੨॥੩॥੧੦॥
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ,
ਜੋ ਸਦਾ ਸਦਾ ਹੀ ਕਾਇਮ ਰਹਿਣ ਵਾਲਾ ਹੈ,
ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਸ ਦੀ ਹਸਤੀ ਮੌਤ ਤੋਂ ਪਰੇ ਹੈ,
ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ।
ਹੇ ਮੇਰੇ ਮਨ! ਹਰ ਵੇਲੇ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ, ਜਿਸ ਦੀ ਕੋਈ ਸ਼ਕਲ ਨਹੀਂ ਦੱਸੀ ਜਾ ਸਕਦੀ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਰਹਾਉ ॥
ਹੇ ਮੇਰੇ ਮਨ! ਉਸ ਪਰਮਾਤਮਾ ਦੇ ਦਰਸਨ ਦੀ ਖ਼ਾਤਰ ਤੇਤੀ ਕ੍ਰੋੜ ਦੇਵਤੇ, ਸਿੱਧ ਜਤੀ ਅਤੇ ਜੋਗੀ ਭੁੱਖੇ ਰਹਿ ਰਹਿ ਕੇ ਅਨੇਕਾਂ ਤੀਰਥਾਂ ਤੇ ਰਟਨ ਕਰਦੇ ਫਿਰਦੇ ਹਨ।
ਹੇ ਮਨ! ਉਹਨਾਂ (ਭਾਗਾਂ ਵਾਲਿਆਂ) ਦੀ ਹੀ ਸੇਵਾ ਕਬੂਲ ਹੁੰਦੀ ਹੈ ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੧॥
ਹੇ ਭਾਈ! ਉਹ ਹਰੀ ਦੇ ਸੰਤ ਚੰਗੇ ਹਨ, ਉਹ ਹਰੀ ਦੇ ਭਗਤ ਸ੍ਰੇਸ਼ਟ ਹਨ ਜਿਹੜੇ ਦੁਸ਼ਟ-ਦਮਨ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
ਹੇ ਨਾਨਕ! ਮੇਰਾ ਮਾਲਕ-ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਪੱਖ ਕਰਦਾ ਹੈ (ਲੋਕ ਪਰਲੋਕ ਵਿਚ) ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ ॥੨॥੪॥੧੧॥