ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ।
ਘਰਾਂ ਦੇ ਧੰਧੇ, ਮਾਇਆ ਦੇ ਬੰਧਨ,
ਅਹੰਕਾਰ, ਮੋਹ, ਭੁਲੇਖੇ, ਡਰ,
ਦੁੱਖ, ਸੁਖ, ਆਦਰ ਨਿਰਾਦਰੀ-
ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ।
ਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।
ਹੇ ਨਾਨਕ! ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੭॥
ਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।
ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।
(ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ-ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।
ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ।
ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ,
ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।
ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ,
ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।
ਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ!
ਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ॥੮॥੨੧॥
ਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ।
ਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥
(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ,
ਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।
ਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ,
ਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।
(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ,
ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।
ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ,
ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ।
ਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥
ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ,
ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।
ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
ਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।
ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ?
ਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
ਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ,
ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ।
ਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ,
ਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ॥੨॥
ਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ,
ਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।
ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ,
ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।
ਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ,
ਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।
ਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ,
(ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।
ਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ,
ਹੇ ਨਾਨਕ! ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ॥੩॥
(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,
ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।
ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।
(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,