(ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ॥੪॥੨੫॥੫੫॥
ਹੇ ਹਰੀ! (ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ, ਕਿਉਂਕਿ) ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ, (ਉਹਨਾਂ ਨੂੰ ਸਹਾਇਤਾ ਵਾਸਤੇ) ਹੋਰ ਕੋਈ ਥਾਂ ਨਹੀਂ ਸੁੱਝਦਾ।
ਹੇ ਪ੍ਰਭੂ! ਤੇਰਾ ਨਾਮ ਹੀ (ਤੇਰੇ ਭਗਤਾਂ ਵਾਸਤੇ) ਤਾਣ ਹੈ, ਸਹਾਰਾ ਹੈ, ਪਰਵਾਰ ਹੈ ਅਤੇ ਧਨ ਹੈ ॥੧॥
ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਸਦਾ ਹੀ ਆਪ ਰੱਖਿਆ ਕੀਤੀ ਹੈ।
ਨਿੰਦਕ (ਸੇਵਕਾਂ ਦੀ) ਨਿੰਦਾ ਕਰ ਕਰ ਕੇ (ਸਦਾ) ਸੜਦੇ-ਭੁੱਜਦੇ ਰਹੇ, ਉਹਨਾਂ ਨੂੰ (ਸਗੋਂ) ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ॥੧॥ ਰਹਾਉ ॥
(ਹੇ ਭਾਈ! ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ, ਕਿਉਂਕਿ) ਸੰਤ ਜਨ ਸਦਾ ਇਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ, ਕਿਸੇ ਹੋਰ ਦਾ ਨਹੀਂ।
ਜੇਹੜਾ ਪ੍ਰਭੂ ਸਭ ਥਾਂਵਾਂ ਵਿਚ ਵਿਆਪਕ ਹੈ, ਸੰਤ ਜਨ ਸਿਰਫ਼ ਉਸ ਦੇ ਦਰ ਤੇ ਹੀ ਅਰਜ਼ੋਈ ਕਰਦੇ ਹਨ ॥੨॥
ਹੇ ਭਾਈ! ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀਂ ਹੀ ਪੁਰਾਣੇ ਸਮੇ ਦੀ ਹੀ ਕਥਾ ਇਉਂ ਸੁਣੀ ਜਾ ਰਹੀ ਹੈ,
ਕਿ ਪਰਮਾਤਮਾ ਨੇ (ਹਰ ਸਮੇ) ਆਪਣੇ ਸੇਵਕਾਂ ਦਾ ਆਦਰ ਕੀਤਾ, ਅਤੇ (ਉਹਨਾਂ ਦੇ) ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੩॥
ਹੇ ਭਾਈ! ਨਾਨਕ ਆਖਦਾ ਹੈ-ਇਹ ਬਚਨ ਸਾਰੀ ਸ੍ਰਿਸ਼ਟੀ ਵਿਚ ਹੀ ਪ੍ਰਤੱਖ ਤੌਰ ਤੇ ਅਟੱਲ ਹਨ,
ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, (ਇਸ ਵਾਸਤੇ) ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੪॥੨੬॥੫੬॥
ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ।
(ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ॥੧॥
ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ)।
(ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ।
ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ॥੨॥
ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! (ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ।
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ॥੩॥
ਹੇ ਨਾਨਕ! (ਆਖ-) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼।
(ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ॥੪॥੨੭॥੫੭॥
ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ?
ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ ਹੈ ॥੧॥
ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, (ਕਿਉਂਕਿ) ਤੂੰ (ਮਾਇਆ ਦੇ ਨਸ਼ੇ ਵਿਚ) ਬਹੁਤ ਮਸਤ ਰਹਿੰਦਾ ਹੈਂ।
(ਜਿਵੇਂ) ਖੋਤੇ ਦੀ ਪਿਛਾੜੀ ਤਦੋਂ ਖੋਲ੍ਹੀ ਜਾਂਦੀ ਹੈ, ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ (ਤਿਵੇਂ ਤੈਨੂੰ ਭੀ ਖ਼ਰਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ) ॥੧॥ ਰਹਾਉ ॥
ਹੇ ਮਨ! ਤੂੰ ਜਪ, ਤਪ, ਸੰਜਮ (ਆਦਿਕ ਭਲੇ ਕੰਮਾਂ ਦੇ ਨੇਮ) ਤੋੜ ਦੇਂਦਾ ਹੈਂ, (ਇਸ ਕਰ ਕੇ) ਜਮਰਾਜ ਦੇ ਦੁੱਖ ਤੇ ਡੰਨ ਸਹਾਰਦਾ ਹੈਂ।
ਹੇ ਬੇਸ਼ਰਮ ਭੰਡ! ਤੂੰ ਜਨਮ ਮਰਨ ਦੇ ਗੇੜ ਦੇ ਦੁੱਖ ਚੇਤੇ ਨਹੀਂ ਕਰਦਾ ॥੨॥
ਹੇ ਮਨ! ਪਰਮਾਤਮਾ (ਹੀ ਸਦਾ) ਤੇਰੇ ਨਾਲ ਹੈ, ਤੇਰਾ ਮਦਦਗਾਰ ਹੈ, ਤੇਰਾ ਮਿੱਤਰ ਹੈ, ਉਸ ਨਾਲੋਂ ਤੇਰੀ ਵਿੱਥ ਬਣੀ ਪਈ ਹੈ।
ਤੈਨੂੰ (ਕਾਮਾਦਿਕ) ਪੰਜ ਲੁਟੇਰਿਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ (ਜਿਸ ਕਰਕੇ ਤੇਰੇ ਅੰਦਰ) ਬੜਾ ਦੁੱਖ-ਕਲੇਸ਼ ਬਣਿਆ ਰਹਿੰਦਾ ਹੈ ॥੩॥
ਹੇ ਨਾਨਕ! ਜਿਨ੍ਹਾਂ ਸੰਤ ਜਨਾਂ ਨੇ (ਆਪਣਾ) ਮਨ (ਆਪਣੇ) ਵੱਸ ਵਿਚ ਕਰ ਲਿਆ ਹੈ, ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ (ਇਹ ਦਾਤਿ) ਦਿੱਤੀ ਹੈ, ਉਹਨਾਂ ਦੀ ਸਰਨ ਪੈਣਾ ਚਾਹੀਦਾ ਹੈ।
ਆਪਣਾ ਤਨ, ਆਪਣਾ ਧਨ, ਸਭ ਕੁਝ ਉਹਨਾਂ ਸੰਤ ਜਨਾਂ ਤੋਂ ਸਦਕੇ ਕਰਨਾ ਚਾਹੀਦਾ ਹੈ ॥੪॥੨੮॥੫੮॥
ਹੇ ਭਾਈ! (ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ॥੧॥
ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।
ਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ ॥੧॥ ਰਹਾਉ ॥
ਹੇ ਭਾਈ! (ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ।
(ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ ॥੨॥