(ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ ॥੧॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।
ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ ॥੨॥੧੧॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ।
ਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ।
ਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ।
ਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ ॥੧॥
(ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ
(ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ-ਇਹੀ ਹੈ ਸੋਹਣੀ ਕਿੰਗ) ॥੧॥ ਰਹਾਉ ॥
(ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ),
ਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ)।
(ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ)
ਅਤੇ (ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ) ॥੨॥
(ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ,
ਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ।
(ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ।
(ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ॥੩॥
(ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ।
ਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ)।
(ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ,
ਹੇ ਨਾਨਕ! (ਆਖ-) ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ ॥੪॥
(ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ।
(ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ਰਹਾਉ ਦੂਜਾ॥੧॥੧੨॥
(ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ।
(ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ।
(ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ।
ਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ? ॥੧॥
ਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ।
ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ ॥੧॥ ਰਹਾਉ ॥
(ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ,
ਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ।
ਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ।
(ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ ॥੨॥
ਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ)।
(ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ)।
ਹੇ ਜੋਗੀ! (ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ।
(ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ,
(ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ-) ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ।
ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ।
ਹੇ ਦਾਸ ਨਾਨਕ! (ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ ॥੪॥
ਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ,
ਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ ॥੧॥ਰਹਾਉ ਦੂਜਾ॥੨॥੧੩॥
ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ।
(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ।
ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ।
ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥
ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ।
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ॥੧॥ ਰਹਾਉ ॥
ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ।