ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।
ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥
ਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।
ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥
ਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।
(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥
ਹੇ ਭਾਈ! ਉਸ ਮਨੁੱਖ ਵਾਸਤੇ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੁਖ ਬਣਿਆ ਰਹਿੰਦਾ ਹੈ,
ਜਿਸ ਉਤੇ ਪਾਰਬ੍ਰਹਮ ਨੇ ਪ੍ਰਭੂ ਨੇ ਮੇਹਰ ਕਰ ਦਿੱਤੀ, ('ਦੂਤ ਦੁਸਟ' ਦੇ ਟਾਕਰੇ ਤੇ) ਪੂਰੇ ਗੁਰੂ ਨੇ (ਜਿਸ ਮਨੁੱਖ ਦੀ) ਇੱਜ਼ਤ ਚੰਗੀ ਤਰ੍ਹਾਂ ਬਚਾ ਲਈ ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਂਦਾ ਹੈ, ਉਸ ਦੇ) ਮਨ ਵਿਚ ਹਿਰਦੇ ਵਿਚ ਪ੍ਰੀਤਮ ਹਰੀ ਹਰ ਵੇਲੇ ਵੱਸਿਆ ਰਹਿੰਦਾ ਹੈ, ਉਸ ਦੇ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ।
ਉਹ (ਹਰ ਵੇਲੇ ਪ੍ਰਭੂ ਦੇ) ਗੁਣ ਗਾਂਦਾ ਰਹਿੰਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰ) ਸ਼ਾਂਤੀ ਅਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, (ਕਾਮਾਦਿਕ) ਸਾਰੇ (ਉਸ ਦੇ) ਦੋਖੀ ਵੈਰੀ ਨਾਸ ਹੋ ਜਾਂਦੇ ਹਨ ॥੧॥
(ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਂਦਾ ਹੈ) ਪਰਮਾਤਮਾ ਉਸ ਦਾ ਕੋਈ ਗੁਣ ਔਗੁਣ ਨਹੀਂ ਪੜਤਾਲਦਾ, ਮੇਹਰ ਕਰ ਕੇ ਉਸ ਨੂੰ ਪ੍ਰਭੂ ਆਪਣਾ (ਸੇਵਕ) ਬਣਾ ਲੈਂਦਾ ਹੈ।
ਹੇ ਭਾਈ! ਅਟੱਲ ਅਤੇ ਅਬਿਨਾਸ਼ੀ ਪਰਮਾਤਮਾ ਦੀ ਤਾਕਤ ਬੇ-ਮਿਸਾਲ ਹੈ। ਨਾਨਕ ਸਦਾ ਉਸੇ ਪ੍ਰਭੂ ਦੀ ਜੈ ਜੈਕਾਰ ਉਚਾਰਦਾ ਰਹਿੰਦਾ ਹੈ ॥੨॥੮॥੧੨੪॥
ਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ।
ਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ ॥
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।
ਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ।
ਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥
ਰਾਗ ਬਿਲਾਵਲੁ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਪ੍ਰਭੂ! ਤੇਰੀ ਸ਼ਰਨ ਪਿਆਂ ਨੂੰ ਤੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।
ਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,
ਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥
(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ।
ਨਾਨਕ ਆਖਦਾ ਹੈ- (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥
(ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,
(ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ।
ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ ॥੧॥