ਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ ਉਹ ਮਨੁੱਖ (ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ ॥੮॥੪॥੨੬॥
ਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ। ਹੇ ਮੇਰੇ ਵੀਰ! (ਇਸ ਤਰ੍ਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ।
ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ! ॥੧॥
ਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਂਗਾ,
ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ (ਲੋਕ ਪਰਲੋਕ ਵਿਚ) ਤੈਨੂੰ ਬਹੁਤ ਆਦਰ ਮਿਲੇਗਾ ॥੧॥ ਰਹਾਉ ॥
ਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ।
ਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ ॥੨॥
ਪਰ, ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ),
ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ॥੩॥
ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ,
ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ ॥੪॥
ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ।
ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ॥੫॥
ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ।
ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ ॥੬॥
ਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ।
ਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ॥੭॥
(ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ)।
ਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ ਤੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ ॥੮॥੫॥੨੭॥
(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ।
ਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥
ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,
(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,
ਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥
ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,
(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥
ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।
ਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥
ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।
ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥
ਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,
ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥
ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।
(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥
ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥