(ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ,
ਹੇ ਨਾਨਕ! (ਆਖ-) ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ॥੪॥੩॥੧੪੧॥
ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ)।
(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ ॥
(ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।
(ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥
(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,
ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ॥੨॥
(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ,
ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ॥੩॥
ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
ਹੇ ਨਾਨਕ! (ਆਖ-) ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ॥੪॥੪॥੧੪੨॥
ਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ॥੧॥ ਰਹਾਉ ॥
ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ।
ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ॥੧॥
ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ)।
(ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ-ਇਹ ਭੀ ਤੂੰ ਆਪ ਹੀ ਹੈਂ ॥੨॥
(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ,
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ॥੩॥
ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ।
ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ॥੪॥੫॥੧੪੩॥
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਸੰਤਾਂ ਦੀ ਸੰਗਤਿ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
(ਹੇ ਭਾਈ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ,
ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ॥੧॥
(ਹੇ ਭਾਈ!) ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ,
(ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ॥੨॥
(ਹੇ ਭਾਈ! ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ,
ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੩॥
(ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
ਹੇ ਨਾਨਕ! ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ॥੪॥੬॥੧੪੪॥
ਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ।
(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ॥੧॥ ਰਹਾਉ ॥
(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
(ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ ॥੧॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
(ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ ॥੨॥
(ਹੇ ਭਾਈ!) ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ,
ਉਹ ਮਨੁੱਖ ਮਾਇਆ ਦੀ (ਤ੍ਰਿਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ ॥੩॥
(ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ,
(ਤਾਂ ਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ ॥੪॥੭॥੧੪੫॥
(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ।
(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ॥੧॥ ਰਹਾਉ ॥
(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ।
(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ॥੧॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ,
ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ॥੨॥
(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ,
ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੩॥
ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ,
(ਹੇ ਨਾਨਕ) ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ॥੪॥੮॥੧੪੬॥