ਜੇਹੜਾ ਜੀਵ-ਪੰਛੀ ਇਸ ਸਰੀਰ-ਰੁੱਖ ਵਿਚ ਬੈਠਾ ਹੋਇਆ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ।
ਉਹ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਮਾਇਕ ਪਦਾਰਥਾਂ ਦੇ ਚੋਗੇ ਵਲ) ਭਟਕਦਾ ਨਹੀਂ ਫਿਰਦਾ, (ਇਸ ਵਾਸਤੇ) ਜਨਮ ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ।
ਉਸ ਨੂੰ ਆਪਣੇ (ਅਸਲ) ਘਰ ਵਿਚ (ਪ੍ਰਭੂ-ਚਰਨਾਂ ਵਿਚ) ਨਿਵਾਸ ਮਿਲਿਆ ਰਹਿੰਦਾ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ।
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ, ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ ॥
ਜੇਹੜੇ ਜੀਵ-ਪੰਛੀ (ਆਪੋ ਆਪਣੇ) ਸਰੀਰ ਰੁੱਖਾਂ ਉੱਤੇ (ਬੈਠੇ ਵੇਖਣ ਨੂੰ ਤਾਂ) ਸੋਹਣੇ ਲੱਗਦੇ ਹਨ (ਪਰ ਮਾਇਕ ਪਦਾਰਥਾਂ ਦੇ ਚੋਗੇ ਪਿੱਛੇ) ਉੱਡਦੇ ਫਿਰਦੇ ਹਨ, ਚੌਹੀਂ ਪਾਸੀਂ ਭਟਕਦੇ ਹਨ।
ਉਹ ਜਿਤਨਾ ਹੀ (ਚੋਗੇ ਪਿੱਛੇ) ਉੱਡਦੇ ਹਨ, ਉਤਨਾ ਹੀ ਵਧੀਕ ਦੁੱਖ ਸਹਾਰਦੇ ਹਨ, ਸਦਾ ਖਿੱਝਦੇ ਹਨ ਤੇ ਵਿਲਕਦੇ ਹਨ।
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ (ਪਰਮਾਤਮਾ ਦਾ) ਟਿਕਾਣਾ ਦਿੱਸਦਾ ਨਹੀਂ, ਨਾਹ ਹੀ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਸਕਦੇ ਹਨ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ। (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ (ਮਾਇਆ ਦੇ ਤਿੰਨ ਰੂਪ) ਤਿੰਨ ਟਹਣੀਆਂ ਉਸ ਨੇ ਦੂਰ ਕਰ ਲਈਆਂ ਹੋਈਆਂ ਹਨ।
ਉਸ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਇਕ ਨਾਮ-ਫਲ ਲੱਗਦਾ ਹੈ। (ਪ੍ਰਭੂ ਮਿਹਰ ਕਰ ਕੇ) ਆਪ ਹੀ (ਉਸ ਨੂੰ ਇਹ ਫਲ) ਚਖਾ ਦੇਂਦਾ ਹੈ ॥੩॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, (ਭਾਵ, ਨਾਹ ਹੀ ਉਹਨਾਂ ਪਾਸ ਪ੍ਰਭੂ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ)।
ਉਹਨਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਉਹਨਾਂ ਦਾ ਕੋਈ ਘਰ-ਘਾਟ ਨਹੀਂ ਹੈ (ਉਹਨਾਂ ਨੂੰ ਕੋਈ ਆਤਮਕ ਸਹਾਰਾ ਨਹੀਂ ਮਿਲਦਾ)।
ਉਹ (ਮਨਮੁਖ ਰੁੱਖ) ਸਦਾ ਕੱਟੀਦੇ ਹਨ ਤੇ ਸਾੜੀਦੇ ਹਨ (ਭਾਵ, ਮਾਇਆ ਦੇ ਮੋਹ ਦੇ ਕਾਰਨ ਉਹ ਨਿੱਤ ਦੁਖੀ ਰਹਿੰਦੇ ਹਨ), ਉਹਨਾਂ ਪਾਸ ਨਾਹ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਨਾਹ ਪ੍ਰਭੂ ਦਾ ਨਾਮ ਹੈ ॥੪॥
(ਪਰ ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਤੇਰੇ) ਹੁਕਮ ਵਿਚ ਹੀ (ਜੀਵ) ਕਰਮ ਕਮਾਂਦੇ ਹਨ, (ਤੇਰੇ ਹੁਕਮ ਵਿਚ ਹੀ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਹੈ।
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਨੂੰ ਤੇਰਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ, ਜਿੱਧਰ ਤੂੰ ਭੇਜਦਾ ਹੈਂ ਉਧਰ ਜੀਵਾਂ ਨੂੰ ਜਾਣਾ ਪੈਂਦਾ ਹੈ।
ਤੇਰੇ ਹੁਕਮ ਅਨੁਸਾਰ ਹੀ ਕਈ ਜੀਵਾਂ ਦੇ ਮਨ ਵਿਚ ਤੇਰਾ ਹਰਿ ਨਾਮ ਵੱਸਦਾ ਹੈ, ਤੇਰੇ ਹੁਕਮ ਵਿਚ ਹੀ ਤੇਰੇ ਸਦਾ-ਥਿਰ ਸਰੂਪ ਵਿਚ ਉਹਨਾਂ ਦੀ ਲੀਨਤਾ ਰਹਿੰਦੀ ਹੈ ॥੫॥
ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ।
ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।
ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿਚ ਪਿਆਰ ਬਣਦਾ ਹੈ ॥੬॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ (ਨਾਮ ਦੀ ਲਾਲਗੀ ਨਾਲ) ਸੋਹਣੇ ਲੱਗਦੇ ਹਨ, ਕਿਉਂਕਿ ਉਹ ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ।
ਉਹ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਭਗਤੀ ਕਰਦੇ ਹਨ, ਉਹ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, (ਇਸ ਵਾਸਤੇ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।
ਉਹਨਾਂ ਬੰਦਿਆਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ, ਉਹ ਆਪਣੀ ਸਾਰੀ ਕੁਲ ਦਾ ਭੀ ਪਾਰ-ਉਤਾਰਾ ਕਰ ਲੈਂਦੇ ਹਨ ॥੭॥
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਸਾਰੇ ਜੀਵ ਪਰਮਾਤਮਾ ਦੀ ਨਿਗਾਹ ਅਨੁਸਾਰ ਹੀ ਕਰਮ ਕਰਦੇ ਹਨ, ਉਸ ਦੀ ਨਿਗਾਹ ਤੋਂ ਬਾਹਰ ਕੋਈ ਜੀਵ ਨਹੀਂ (ਭਾਵ, ਕੋਈ ਜੀਵ ਪਰਮਾਤਮਾ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ)।
ਸਦਾ-ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗਾਹ ਕਰ ਕੇ ਕਿਸੇ ਜੀਵ ਵਲ ਵੇਖਦਾ ਹੈ, ਉਹ ਜੀਵ ਉਹੋ ਜਿਹਾ ਬਣ ਜਾਂਦਾ ਹੈ।
ਹੇ ਨਾਨਕ! (ਉਸ ਦੀ ਮਿਹਰ ਦੀ ਨਜ਼ਰ ਨਾਲ ਜੇਹੜਾ ਮਨੁੱਖ ਉਸ ਦੇ ਨਾਮ ਵਿਚ (ਜੁੜਦਾ ਹੈ, ਉਸ ਨੂੰ) ਵਡਿਆਈਆਂ ਮਿਲਦੀਆਂ ਹਨ। ਪਰ ਉਸ ਦਾ ਨਾਮ ਉਸ ਦੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੮॥੩॥੨੦॥
ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ)।
ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥
ਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ,
ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ।
(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ।
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ॥੨॥
ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ।
(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ।
ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ॥੩॥
(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ)।