ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ।
ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
ਹੇ ਮਨ! ਤੂੰ ਕੀਹ ਕਹਿ ਰਿਹਾ ਹੈਂ? ਹੇ ਜੀਵ! ਤੂੰ ਕੀਹ ਆਖਦਾ ਹੈਂ?
ਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ (ਠੱਗੀ-ਫ਼ਰੇਬ ਦੀ) ਗੱਲ ਨਹੀਂ ਆਖੀ ਜਾ ਸਕਦੀ ॥੧॥ ਰਹਾਉ ॥
ਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।
ਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪਰਮਾਤਮਾ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥
ਹੇ ਭਾਈ! ਇਹ ਜਾਣ ਕੇ ਕਿ, ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ (ਉਸ ਦੇ ਦਿਲ ਵਿਚੋਂ) ਪਰਮਾਤਮਾ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥
ਹੇ ਭਾਈ! ਸੁਣ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,
ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ॥੧॥ ਰਹਾਉ ॥
ਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।
ਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥
ਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ।
ਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥
(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ।
(ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ)। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ ॥੧॥ ਰਹਾਉ ॥
ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ)।
ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ॥੧॥
ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ)।
ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥
ਮੇਰੇ ਮਨ ਮੇਰੇ ਤਨ ਮੇਰੀ ਜੀਭ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ।
(ਹੇ ਭਾਈ! ਮੇਰੇ) ਗੁਰੂ ਨੇ ਮੈਨੂੰ ਸਾਰੇ (ਹੀ) ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ॥੧॥ ਰਹਾਉ ॥
ਹੇ ਭਾਈ! ਬੇ-ਸਮਝੀ ਦੇ ਥਾਂ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਪਰਮਾਤਮਾ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਹੈ (ਸਭ ਦੇ ਕੀਤੇ ਕੰਮ) ਵੇਖਣ ਵਾਲਾ ਹੈ।
(ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥
ਹੇ ਭਾਈ! ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ।
ਨਾਨਕ ਆਖਦਾ ਹੈ- (ਹੁਣ) ਪਰਮਾਤਮਾ ਦੇ ਭਰੋਸੇ ਤੇ ਕਿਸੇ ਹੋਰ (ਆਸਰੇ) ਨੂੰ ਇਕ ਛਿਨ ਵਾਸਤੇ ਭੀ ਮੈਂ ਆਪਣੇ ਮਨ ਵਿਚ ਨਹੀਂ ਮੰਨਦਾ ॥੨॥੧੧॥੯੭॥
(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।
ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥
ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।