ਨਾਨਕ ਆਖਦਾ ਹੈ- (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ,
(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥
(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ।
ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ॥੧॥
(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ।
ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ।
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ॥੨॥
ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ।
ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ॥੩॥
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!
ਹੇ ਨਾਨਕ! (ਆਖ-) ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ॥੪॥੨੦॥
ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ,
ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥
ਹੇ ਭਾਈ! ਉਸ ਮਨੁੱਖ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ,
ਜਿਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ॥੧॥ ਰਹਾਉ ॥
ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।
(ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ॥੨॥
(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ,
(ਪਰਮਾਤਮਾ ਦੇ) ਉਸ ਸੇਵਕ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ॥੩॥
ਉਹ ਪਰਮਾਤਮਾ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ
ਹੇ ਦਾਸ ਨਾਨਕ! (ਆਖ-ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੪॥੨੧॥
(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,
(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥
(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,
ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),
ਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥
ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,
ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥
ਨਾਨਕ ਆਖਦਾ ਹੈ- ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥
(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ,
(ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ॥੧॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ।
(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ।
(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ॥੨॥
(ਹੇ ਭਾਈ!) ਉਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ,
ਜਿਸ ਨੂੰ ਦਇਆਵਾਨ ਹੋਏ ਸਤਿਗੁਰੂ ਨੇ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦੇ ਦਿੱਤੀ ॥੩॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ,
ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ॥੪॥੨੩॥
ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,
ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥
ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,
ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥
ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,
ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥
(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,
ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥