ਹੇ ਨਾਨਕ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ ॥੪॥੧੩॥੩੩॥
ਜਿਸ ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ,
ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ ॥੧॥
ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,
ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ ॥੧॥ ਰਹਾਉ ॥
ਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, (ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ) ਧਰਮ-ਚਰਚਾ ਹੈ (ਗੁਰ-ਸ਼ਬਦ ਹੀ ਉਸ ਦੇ ਵਾਸਤੇ) ਸਮਾਧੀ ਹੈ।
ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ ॥੨॥
ਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ,
ਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ) ॥੩॥
ਹੇ ਦਾਸ ਨਾਨਕ! (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ।
(ਇਹ ਤਦੋਂ ਹੀ ਇਸ ਫਾਹੀ ਤੋਂ) ਆਜ਼ਾਦ ਹੁੰਦਾ ਹੈ ਜਦੋਂ ਗੁਰੂ (ਦੇ ਸ਼ਬਦ) ਦਾ ਚਾਨਣ (ਉਸ ਨੂੰ ਪ੍ਰਾਪਤ ਹੁੰਦਾ) ਹੈ ॥੪॥੧੪॥੩੪॥
(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)।
(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥
ਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ,
ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ॥੧॥ ਰਹਾਉ ॥
ਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ॥੨॥
(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।
ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ॥੩॥
(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ-(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ?
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ॥੪॥੧॥੧੫॥੩੫॥
(ਜਦ ਤਕ) ਇਹ ਜਗਤ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ (ਤਦ ਤਕ ਇਹ) ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਾਰੇ) ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ (ਆਤਮਕ ਮੌਤ ਦੀ ਹੀ) ਸਜ਼ਾ ਮਿਲਦੀ ਹੈ ॥੧॥
ਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤ ਜੋੜ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ ਲੈ, (ਇਹ ਤੈਨੂੰ) ਪਰਮਾਤਮਾ ਦੀ ਹਜ਼ੂਰੀ ਵਿਚ (ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ) ਸੁਰਖ਼ਰੂ ਕਰੇਗਾ ॥੧॥ ਰਹਾਉ ॥
(ਮਾਇਆ ਦੇ ਮੋਹ ਵਿਚ ਬੱਝੇ ਹੋਏ ਜੀਵ) ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ। ਆਪਣੇ ਮਨ ਦੇ ਹਠ ਦੇ ਕਾਰਨ (ਮਾਇਆ ਦੇ ਮੋਹ ਵਿਚ ਫਸਿਆ ਜੀਵ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ਉਹ ਮੁੜ ਮੁੜ ਜੂਨਾਂ ਵਿਚ ਪੈਂਦਾ ਹੈ ॥੨॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਹਰ ਰੋਜ਼ ਪਰਮਾਤਮਾ ਦੀ ਭਗਤੀ (ਦੇ ਰੰਗ ਵਿਚ) ਰੰਗਿਆ ਰਹਿਣ ਕਰਕੇ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥
ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ (ਗੁਰੂ ਦੇ ਸ਼ਬਦ ਵਿਚ) ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ (ਆਦਿਕ) ਵਿਕਾਰ ਤਿਆਗਦਾ ਹੈ।
ਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ ॥੪॥੨॥੧੬॥੩੬॥
ਪਰਮਾਤਮਾ ਨੇ (ਹਰੇਕ ਜੀਵ ਦੇ ਮੱਥੇ ਉਤੇ ਇਹੀ ਲੇਖ) ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ (ਫਿਰ ਭੀ ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ)।
ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।
ਜੇਹੜੀ ਜੀਵ-ਇਸਤ੍ਰੀ ਇਸ ਪੇਕੇ ਘਰ ਵਿਚ ਰਹਿਣ ਸਮੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੀ ਹੈ ਉਸ ਨੂੰ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਵਾਲਾ ਥਾਂ ਮਿਲ ਜਾਂਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ-ਇਸਤ੍ਰੀ (ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਪਰਮਾਤਮਾ (ਦਾ ਨਾਮ) ਉਸ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ॥੧॥
(ਹੇ ਸਤਸੰਗੀ! ਹੇ ਭੈਣ!) ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ (ਸਭ ਥਾਂ) ਵੱਸਦਾ ਹੈ?
(ਹੇ ਜਿਗਿਆਸੂ ਜੀਵ-ਇਸਤ੍ਰੀ!) ਉਹ ਪ੍ਰਭੂ-ਪਤੀ (ਹਰ ਥਾਂ ਮੌਜੂਦ ਹੁੰਦਿਆਂ ਭੀ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ ॥੧॥ ਰਹਾਉ ॥