(ਉਸ ਦੀ ਇਹ ਤਾਂਘ ਵਿਅਰਥ ਹੈ, ਜਿਵੇਂ ਰੁੱਖ ਦੇ) ਮੁੱਢ ਤੋਂ ਬਿਨਾ (ਉਸ ਉਤੇ) ਕੋਈ ਟਹਣੀ ਨਹੀਂ ਉੱਗ ਸਕਦੀ ॥੧॥
ਹੇ ਮੇਰੇ ਮਨ! ਗੁਰੂ ਨੂੰ ਗੋਵਿੰਦ ਨੂੰ (ਸਦਾ) ਸਿਮਰਿਆ ਕਰ।
(ਏਹ ਸਿਮਰਨ) ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਕੇ (ਮਨੁੱਖ ਨੂੰ) ਪਰਮਾਤਮਾ ਦੇ ਨਾਲ ਜੋੜ ਦੇਂਦਾ ਹੈ ॥੧॥ ਰਹਾਉ ॥
ਪੱਥਰ (ਪੱਥਰ-ਦਿਲ ਮਨੁੱਖ) ਤੀਰਥ ਉੱਤੇ ਇਸ਼ਨਾਨ ਕਰ ਕੇ (ਆਤਮਕ) ਪਵਿੱਤ੍ਰਤਾ ਹਾਸਲ ਨਹੀਂ ਕਰ ਸਕਦਾ,
(ਉਸ ਦੇ) ਮਨ ਨੂੰ (ਇਹੀ) ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ (ਕਿ ਮੈਂ ਤੀਰਥ-ਜਾਤ੍ਰਾ ਕਰ ਆਇਆ ਹਾਂ)।
(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਕ੍ਰੋੜਾਂ ਧਾਰਮਿਕ ਕਰਮ (ਹਉਮੈ ਦੀਆਂ) ਫਾਹੀਆਂ ਦਾ (ਹੀ) ਕਾਰਨ ਬਣਦੇ ਹਨ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਮਿਥੇ ਹੋਏ ਧਾਰਮਿਕ ਕਰਮ ਮਨੁੱਖ ਦੇ ਸਿਰ ਉੱਤੇ) ਵਿਅਰਥ ਪੰਡ ਹੀ ਹਨ ॥੨॥
(ਭੋਜਨ) ਖਾਣ ਤੋਂ ਬਿਨਾ (ਪੇਟ ਦੀ) ਭੁੱਖ (ਦੀ ਅੱਗ) ਨਹੀਂ ਬੁੱਝਦੀ।
(ਰੋਗ ਤੋਂ ਪੈਦਾ ਹੋਏ) ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ, ਜੇ (ਅੰਦਰੋਂ) ਰੋਗ ਦੂਰ ਹੋ ਜਾਏ।
ਉਹ ਮਨੁੱਖ ਸਦਾ ਕਾਮ ਕ੍ਰੋਧ ਲੋਭ ਮੋਹ ਵਿਚ ਫਸਿਆ ਰਹਿੰਦਾ ਹੈ,
ਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ॥੩॥
ਉਹ ਗੁਰਮੁਖ ਮਨੁੱਖ ਭਾਗਾਂ ਵਾਲੇ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ,
ਜਿਹੜੇ ਅੱਠੇ ਪਹਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ।
ਉਹਨਾਂ ਦੇ ਪਾਸ ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣਹਾਰ ਦੇ ਨਾਮ ਦਾ ਧਨ (ਸਦਾ ਮੌਜੂਦ) ਹੈ,
ਹੇ ਨਾਨਕ! ਜਿਹੜੇ ਮਨੁੱਖ ਬੇਅੰਤ ਤੇ ਸਰਬ-ਵਿਆਪਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੩੨॥੪੫॥
ਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,
(ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ,
(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧॥
(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ,
ਸਾਧ ਸੰਗਤ ਵਿਚ ਰਹਿ ਕੇ ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ, ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
ਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ।
ਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ,
ਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ॥੨॥
ਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ,
ਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ)।
ਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ?
ਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ ॥੩॥
ਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ,
ਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ।
ਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ,
ਹੇ ਨਾਨਕ! ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ ॥੪॥੩੩॥੪੬॥
ਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ,
(ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ)।
ਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ,
ਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧॥
ਹੇ ਪ੍ਰਭੂ! ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ।
ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਗੁਰੂ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ) ॥੧॥ ਰਹਾਉ ॥
ਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,
ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ।
ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ,
ਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ ॥੨॥
(ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ)।
ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।
(ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ।
ਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! ॥੩॥
ਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ, ਪਰਮਾਤਮਾ ਦੀ) ਵਿਸਮਾਦ ਪੈਦਾ ਕਰਨ ਵਾਲੀ ਬਾਣੀ-
ਸਰਬ-ਵਿਆਪਕ ਪਰਮਾਤਮਾ ਦੀ (ਸਿਫ਼ਤ-ਸਾਲਾਹ) ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ।
ਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈ
ਹੇ ਨਾਨਕ! (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ ॥੪॥੩੪॥੪੭॥
ਉਸ ਮਨੁੱਖ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ,