(ਹੇ ਜੋਗੀ! ਮੈਂ ਭੀ) ਮਤਵਾਲਾ ਹਾਂ (ਪਰ ਮੈਂ ਤਾਂ) ਪਰਮਾਤਮਾ ਦੇ ਪ੍ਰੇਮ-ਸ਼ਰਾਬ ਨਾਲ ਮਤਵਾਲਾ ਹੋ ਰਿਹਾ ਹਾਂ ॥੧॥ ਰਹਾਉ ॥
(ਹੇ ਜੋਗੀ!) ਮੈਂ ਉਹ ਨਾਮ-ਮਦ ਹੀ ਪੀਤਾ ਹੈ, ਉਹ ਨਾਮ-ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ, ਗੁਰੂ ਨੇ ਮੈਨੂੰ ਇਹ ਨਾਮ-ਮਦ ਦਿੱਤਾ ਹੈ, ਮੈਨੂੰ ਇਹ ਦਾਤ ਦਿੱਤੀ ਹੈ। ਹੁਣ ਉਸੇ ਨਾਮ-ਮਦ ਨਾਲ ਹੀ ਮੇਰਾ ਮਨ ਰੱਤਾ ਹੋਇਆ ਹੈ ॥੧॥
(ਹੇ ਜੋਗੀ!) ਪਰਮਾਤਮਾ ਦਾ ਨਾਮ ਹੀ (ਸ਼ਰਾਬ ਕੱਢਣ ਵਾਲੀ) ਭੱਠੀ ਹੈ, ਉਹ ਨਾਮ ਹੀ (ਸ਼ਰਾਬ ਨਿਕਲਣ ਵਾਲੀ ਨਾਲ ਉਤੇ ਠੰਢਕ ਅਪੜਾਣ ਵਾਲਾ) ਪੋਚਾ ਹੈ, ਪ੍ਰਭੂ ਦਾ ਨਾਮ ਹੀ (ਮੇਰੇ ਵਾਸਤੇ) ਪਿਆਲਾ ਹੈ, ਅਤੇ ਨਾਮ-ਮਦ ਹੀ ਮੇਰੀ ਲਗਨ ਹੈ। (ਹੇ ਜੋਗੀ!) ਮੈਂ ਆਪਣੇ ਮਨ ਵਿਚ ਉਹੀ (ਨਾਮ-ਮਦ ਦਾ) ਆਨੰਦ ਮਾਣ ਰਿਹਾ ਹਾਂ ॥੨॥
ਹੇ ਨਾਨਕ! (ਆਖ-ਹੇ ਜੋਗੀ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿਚ ਪ੍ਰੋਇਆ ਜਾਂਦਾ ਹੈ। ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੩॥੪॥੧੪੭॥
ਰਾਗ ਗਉੜੀ-ਮਾਲਵਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ॥੧॥ ਰਹਾਉ ॥
(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ।
ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥
(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ।
ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ॥੨॥
(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ-ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ।
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ॥੩॥
(ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ।
ਨਾਨਕ ਆਖਦਾ ਹੈ-ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ॥੪॥੧॥੧੫੮॥
ਰਾਗ ਗਉੜੀ-ਮਾਲਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! (ਜਿਸ ਨੇ ਭੀ ਸੁਖ-ਆਨੰਦ ਲੱਭਾ) ਬਾਲਕਾਂ ਵਾਲੀ ਅਕਲ ਨਾਲ (ਹੀ) ਸੁਖ-ਆਨੰਦ ਲੱਭਾ।
ਗੁਰੂ ਨੂੰ ਮਿਲਿਆਂ (ਬਾਲ-ਬੁਧਿ ਪ੍ਰਾਪਤ ਹੋ ਜਾਂਦੀ ਹੈ, ਤੇ) ਖ਼ੁਸ਼ੀ, ਗ਼ਮੀ, ਘਾਟਾ, ਮੌਤ, ਦੁਖ-ਸੁਖ (ਇਹ ਸਾਰੇ) ਚਿੱਤ ਵਿਚ ਇਕੋ ਜਿਹੇ (ਪ੍ਰਤੀਤ ਹੋਣ ਲੱਗ ਪੈਂਦੇ ਹਨ) ॥੧॥ ਰਹਾਉ ॥
(ਹੇ ਭਾਈ!) ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ।
ਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ ॥੧॥
(ਹੇ ਭਾਈ!) ਮੈਂ ਜਿਤਨੇ ਭੀ ਚਤੁਰਾਈ ਦੇ ਕੰਮ ਕਰਦਾ ਰਿਹਾ, ਉਤਨੇ ਹੀ ਮੈਨੂੰ (ਮਾਇਆ ਦੇ ਮੋਹ ਦੇ) ਬੰਧਨ ਪੈਂਦੇ ਗਏ।
ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ॥੨॥
(ਹੇ ਭਾਈ!) ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ)।
(ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ ॥੩॥
ਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ।
ਹੇ ਨਾਨਕ! (ਆਖ-ਹੇ ਭਾਈ!) ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ) ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ ਹਾਂ ॥੪॥੧॥੧੫੯॥
ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,
ਸਦਾ ਲਈ ਛੱਡ ਦਿੱਤਾ ਹੈ।
(ਹੁਣ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ॥੧॥ ਰਹਾਉ ॥