ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 240


ਜਿਨਿ ਗੁਰਿ ਮੋ ਕਉ ਦੀਨਾ ਜੀਉ ॥

(ਹੇ ਭਾਈ!) ਜਿਸ ਗੁਰੂ ਨੇ ਮੈਨੂੰ ਆਤਮਕ ਜੀਵਨ ਦਿੱਤਾ ਹੈ,

ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥

ਜਿਸ ਨੇ ਮੈਨੂੰ ਆਪਣਾ ਨਿੱਕਾ ਜਿਹਾ ਦਾਸ ਬਣਾ ਕੇ ਆਪ ਹੀ ਮੁੱਲ ਲੈ ਲਿਆ ਹੈ (ਮੇਰੇ ਨਾਲ ਡੂੰਘੀ ਅਪਣੱਤ ਬਣਾ ਲਈ ਹੈ) ॥੬॥

ਆਪੇ ਲਾਇਓ ਅਪਨਾ ਪਿਆਰੁ ॥

ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ,

ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥

ਉਸ ਗੁਰੂ ਨੂੰ ਮੈਂ ਸਦਾ ਹੀ ਸਦਾ ਹੀ ਸਿਰ ਨਿਵਾਂਦਾ ਰਹਿੰਦਾ ਹਾਂ ॥੭॥

ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥

ਉਸ ਦੀ ਸਰਨ ਪਿਆਂ (ਮੇਰੇ ਅੰਦਰੋਂ) ਝਗੜੇ ਕਲੇਸ਼ ਸਹਮ ਭਟਕਣਾ ਤੇ ਸਾਰੇ ਦੁੱਖ ਦੂਰ ਹੋ ਗਏ ਹਨ।

ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥

ਨਾਨਕ ਆਖਦਾ ਹੈ- ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ॥੮॥੯॥

ਗਉੜੀ ਮਹਲਾ ੫ ॥

ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥

ਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ।

ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥

(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ॥੧॥ ਰਹਾਉ ॥

ਨਾਮ ਬਿਨਾ ਜੋ ਪਹਿਰੈ ਖਾਇ ॥

(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ,

ਜਿਉ ਕੂਕਰੁ ਜੂਠਨ ਮਹਿ ਪਾਇ ॥੧॥

(ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ॥੧॥

ਨਾਮ ਬਿਨਾ ਜੇਤਾ ਬਿਉਹਾਰੁ ॥

(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ,

ਜਿਉ ਮਿਰਤਕ ਮਿਥਿਆ ਸੀਗਾਰੁ ॥੨॥

(ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ॥੨॥

ਨਾਮੁ ਬਿਸਾਰਿ ਕਰੇ ਰਸ ਭੋਗ ॥

(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ,

ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥

ਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ॥੩॥

ਨਾਮੁ ਤਿਆਗਿ ਕਰੇ ਅਨ ਕਾਜ ॥

(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,

ਬਿਨਸਿ ਜਾਇ ਝੂਠੇ ਸਭਿ ਪਾਜ ॥੪॥

ਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ॥੪॥

ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥

(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ,

ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥

ਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ॥੫॥

ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,

ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥

ਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ॥੬॥

ਲਾਖ ਅਡੰਬਰ ਬਹੁਤੁ ਬਿਸਥਾਰਾ ॥

(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ-

ਨਾਮ ਬਿਨਾ ਝੂਠੇ ਪਾਸਾਰਾ ॥੭॥

ਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ॥੭॥

ਹਰਿ ਕਾ ਨਾਮੁ ਸੋਈ ਜਨੁ ਲੇਇ ॥

(ਪਰ) ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥

ਹੇ ਨਾਨਕ! ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ॥੮॥੧੦॥

ਗਉੜੀ ਮਹਲਾ ੫ ॥

ਆਦਿ ਮਧਿ ਜੋ ਅੰਤਿ ਨਿਬਾਹੈ ॥

(ਹੇ ਭਾਈ!) ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ,

ਸੋ ਸਾਜਨੁ ਮੇਰਾ ਮਨੁ ਚਾਹੈ ॥੧॥

ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ॥੧॥

ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥

(ਹੇ ਭਾਈ!) ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ।

ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥

ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ ॥੧॥ ਰਹਾਉ ॥

ਬਿਨਸਤ ਨਾਹੀ ਛੋਡਿ ਨ ਜਾਇ ॥

ਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ।

ਜਹ ਪੇਖਾ ਤਹ ਰਹਿਆ ਸਮਾਇ ॥੨॥

(ਹੇ ਭਾਈ!) ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ ॥੨॥

ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥

(ਹੇ ਭਾਈ!) ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ,

ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥

ਉਹੀ ਸਾਡਾ (ਅਸਲ) ਭਰਾ ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ॥੩॥

ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥

(ਹੇ ਭਾਈ!) ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ।

ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥

ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ॥੪॥

ਮਾਇਆ ਸਿਲਕ ਕਾਟੀ ਗੋਪਾਲਿ ॥

(ਹੇ ਭਾਈ!) ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ।

ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥

(ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ॥੫॥

ਸਿਮਰਿ ਸਿਮਰਿ ਕਾਟੇ ਸਭਿ ਰੋਗ ॥

(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ।

ਚਰਣ ਧਿਆਨ ਸਰਬ ਸੁਖ ਭੋਗ ॥੬॥

ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ ॥੬॥

ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥

(ਹੇ ਭਾਈ!) ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ।)

ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥

ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ ॥੭॥

ਕਹੁ ਨਾਨਕ ਹਰਿ ਹਰਿ ਪਦੁ ਚੀਨ ॥

ਨਾਨਕ ਆਖਦਾ ਹੈ- (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ।

ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥

ਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ ॥੮॥੧੧॥

ਰਾਗੁ ਗਉੜੀ ਮਾਝ ਮਹਲਾ ੫ ॥

ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥

ਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ।

ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥

ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ॥੧॥

ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥

ਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ॥੧॥ ਰਹਾਉ ॥

ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥

ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);

ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥

ਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430