(ਆਤਮਕ ਜੀਵਨ ਵਿੱਚ ਉਹਨਾਂ ਨੂੰ) ਵਾਧਾ ਹੀ ਵਾਧਾ ਪੈਂਦਾ ਹੈ ਤੇ (ਆਤਮਕ ਜੀਵਨ ਵਿਚ ਪੈ ਰਹੀ) ਘਾਟ (ਉਹਨਾਂ ਦੇ ਅੰਦਰੋਂ) ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ,
(ਹੇ ਭਾਈ!) ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ।
ਹੇ ਨਾਨਕ! (ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਦੀ) ਖੋਟੀ ਮਤਿ ਮੁੱਕ ਗਈ, ਪਰਮਾਤਮਾ ਸਦਾ ਲਈ ਉਸ ਦੇ ਚਿੱਤ ਵਿਚ ਆ ਵੱਸਿਆ ॥੨॥
ਸਲੋਕ
ਹੇ ਨਾਨਕ! ਜਗਤ (ਦੇ ਜੀਵਾਂ) ਉਤੇ (ਮਾਇਆ ਦੇ) ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ। ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਉਹ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੩॥
ਪਉੜੀ
ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ।
ਜੀਵਾਂ ਨੂੰ ਨਰਕ ਸੁਰਗ (ਦੁੱਖ ਸੁਖ ਭੋਗਣੇ ਪੈਂਦੇ ਹਨ) ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਿਆ ਰਹਿੰਦਾ ਹੈ।
(ਤਿੰਨ ਗੁਣਾਂ ਦੇ ਅਧੀਨ ਜੀਵਾਂ ਦੀ ਉਮਰ) ਅਹੰਕਾਰ ਵਿਚ ਬੀਤਦੀ ਹੈ, ਕਦੇ ਖ਼ੁਸ਼ੀ ਕਦੇ ਗ਼ਮੀ ਕਦੇ ਸਹਮ-ਇਹ ਚੱਕਰ (ਉਹਨਾਂ ਵਾਸਤੇ ਸਦਾ ਬਣਿਆ ਰਹਿੰਦਾ ਹੈ)।
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦੇ ਤੇ (ਤੀਰਥ-ਇਸ਼ਨਾਨ ਆਦਿਕ) ਹੋਰ ਹੋਰ ਧਾਰਮਿਕ ਜਤਨ ਉਹ ਸਦਾ ਸੋਚਦੇ ਰਹਿੰਦੇ ਹਨ।
ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ।
(ਰਸਾਂ ਵਿਚ ਫਸਿਆ ਮਨੁੱਖ) ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ।
ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ।
(ਇਸ ਤੋਂ ਬਚਣ ਲਈ) ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ ॥੩॥
ਸਲੋਕੁ
(ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਨੇ (ਆਪਣੇ ਮਨ ਵਿਚੋਂ) ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ।
ਹੇ ਨਾਨਕ! ਪਰਮਾਤਮਾ ਦਾ ਨਾਮ (ਸਦਾ) ਜਪਦਾ ਰਹੁ (ਇਸੇ ਵਿਚ ਹਨ ਦੁਨੀਆ ਦੇ) ਚਾਰੇ ਪਦਾਰਥ ਤੇ (ਜੋਗੀਆਂ ਵਾਲੀਆਂ) ਅੱਠੇ ਕਰਾਮਾਤੀ ਤਾਕਤਾਂ ॥੪॥
ਪਉੜੀ
ਚਾਰੇ ਹੀ ਵੇਦ ਸੁਣ ਕੇ (ਅਸਾਂ ਤਾਂ ਇਹ) ਨਿਰਨਾ ਕੀਤਾ ਹੈ,
(ਇਹੀ) ਅਸਲ ਵਿਚਾਰ (ਦੀ ਗੱਲ ਲੱਭੀ) ਹੈ ਕਿ ਪਰਮਾਤਮਾ ਦਾ ਸ੍ਰੇਸ਼ਟ ਨਾਮ ਜਪ ਕੇ ਸਾਰੇ ਸੁਖ ਮਿਲ ਜਾਂਦੇ ਹਨ, ਸੁਖਾਂ ਦਾ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।
(ਪਰਮਾਤਮਾ ਦਾ ਨਾਮ) ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, (ਨਾਮ ਦੀ ਬਰਕਤਿ ਨਾਲ) ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ।
(ਜਿਸ ਮਨੁੱਖ ਦੇ ਹਿਰਦੇ ਵਿੱਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਸ ਦੀ ਆਤਮਕ ਮੌਤ ਮਿਟ ਜਾਂਦੀ ਹੈ, ਉਹ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।
ਜੇ ਨਿਰੰਕਾਰ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਏ ਤਾਂ (ਮਨ ਵਿਚੋਂ ਹਰੇਕ ਕਿਸਮ ਦਾ) ਡਰ ਨਾਸ ਹੋ ਜਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹਿਰਦੇ ਵਿਚ) ਰਚ-ਮਿਚ ਜਾਂਦਾ ਹੈ।
ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ-ਇਹ ਸਭੇ ਨਾਸ ਹੋ ਜਾਂਦੇ ਹਨ।
ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸ੍ਰਿਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ,
ਹੇ ਨਾਨਕ! ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ (ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ) ਮਨ ਪਵਿਤ੍ਰ ਹੋ ਜਾਂਦਾ ਹੈ (ਲੋਕ ਪਰਲੋਕ ਵਿਚ ਉਸ ਦਾ) ਮੂੰਹ ਰੌਸ਼ਨ ਹੁੰਦਾ ਹੈ ॥੪॥
ਸਲੋਕੁ:
ਜੇਹੜੇ ਮਨੁੱਖ ਮਾਇਆ (ਦੇ ਮੋਹ) ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਵਿਕਾਰ ਟਿਕੇ ਰਹਿੰਦੇ ਹਨ।
ਹੇ ਨਾਨਕ! ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੫॥
ਪਉੜੀ
(ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ,
(ਕਿ ਇਹ) ਫੁੱਲਾਂ ਦੀ ਸੁਗੰਧੀ (ਵਰਗਾ ਹੈ, ਤੇ ਭਾਵੇਂ) ਅਨੇਕਾਂ ਰੰਗਾਂ ਵਾਲਾ ਹੈ (ਫਿਰ ਭੀ) ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ।
ਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ।
ਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ।
(ਜਿਹੜਾ ਮਨੁੱਖ ਕਰਤਾਰ ਦਾ ਸਿਮਰਨ ਛੱਡ ਕੇ) ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ।
ਉਸ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ (ਭਲੇ ਬੁਰੇ ਕੰਮ ਦੀ) ਪਰਖ ਨਹੀਂ ਪੈਦਾ ਕੀਤੀ।
ਜੇਹੜੇ ਭਗਵਾਨ ਨਾਲ ਪ੍ਰੇਮ ਕਰਦੇ ਹਨ ਭਗਵਾਨ ਦੀ ਭਗਤੀ ਕਰਦੇ ਹਨ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ,
ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ ॥੫॥
ਸਲੋਕੁ
ਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ।
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ ॥੬॥
ਪਉੜੀ
ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮ੍ਰਿਤੀਆਂ (ਭੀ) ਬਿਆਨ ਕਰਦੀਆਂ ਹਨ,