ਹੇ ਮਨ! (ਤੂੰ ਭੀ ਗੁਰੂ ਦੀ ਸਰਨ ਪਉ, ਤੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤ ਵਿਚ ਹਰਿ-ਨਾਮ ਦੀ ਜਾਗ ਲਾ ॥੧॥
ਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ।
ਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ਹੇ ਮੇਰੇ ਮਨ! ਸਾਧ ਸੰਗਤ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ,
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ ॥੨॥
ਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ,
ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ॥੩॥
ਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ।
ਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ ॥੪॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ।
ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ॥੧॥
ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ (ਤੇ, ਆਖਿਆ ਕਰ-ਹੇ ਪ੍ਰਭੂ!)
ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ।
ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ॥੨॥
ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤ ਦੀ ਚਰਨ-ਧੂੜ ਲੱਗਦੀ ਹੈ,
ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ॥੩॥
ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ,
ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ॥੪॥੨॥
(ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ।
(ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ ॥੧॥
ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ-
ਹੇ ਪ੍ਰਭੂ! ਸਾਨੂੰ ਸਤ ਸੰਗਤ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ॥੧॥ ਰਹਾਉ ॥
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ,
(ਜਤ, ਧੀਰਜ, ਉੱਚੀ ਮੱਤ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ ॥੨॥
(ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ,
(ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ ॥੩॥
ਹੇ ਨਾਨਕ-ਦਾਸ! ਹੇ ਹਰੀ! ਅਸੀਂ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ।
ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ ॥੪॥੩॥
ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ।
ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ।
ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ॥੧॥ ਰਹਾਉ ॥
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ।
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ॥੨॥
ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ,
ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ॥੩॥
ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ।
ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ॥੪॥੪॥
ਰਾਗ ਭੈਰਉ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।
ਪਰ ਉਹੀ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ ॥੧॥