ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ,
ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ;
ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ।
(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ।
(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ,
ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ।
ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;
(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ।
ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।
(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥
(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ;
(ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।
(ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ),
ਮਨ ਵਿਚ ਅਤੇ ਮੂੰਹ ਨਾਲ ਆਖਦੇ ਹਨ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ।
ਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ॥੨॥
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ, ਆਖ਼ਰ ('ਨਾਮ' ਹੀ) ਮਿੱਤਰ ਬਣਦਾ ਹੈ।
ਪਰ ਜਗਤ, ਗੁਰੂ ਤੋਂ ਬਿਨਾ ਕਮਲਾ ਜਿਹਾ ਹੋ ਰਿਹਾ ਹੈ, (ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ) ਨਾਮ ਦੀ ਕਦਰ ਨਹੀਂ ਪੈਂਦੀ।
ਜਿਹੜੇ ਬੰਦੇ ਗੁਰੂ ਦੇ ਕਹੇ ਅਨੁਸਾਰ ਤੁਰਦੇ ਹਨ (ਤੇ ਇਸ ਤਰ੍ਹਾਂ) ਜਿਨ੍ਹਾਂ ਨੇ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਹੈ ਉਹ (ਪ੍ਰਭੂ-ਦਰ ਤੇ) ਕਬੂਲ ਹਨ।
ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ (ਮਿੱਠਾ ਕਰ) ਮਨਾਂਦਾ ਹੈ ਉਹ ਸੇਵਕ ਉਹੋ ਜਿਹਾ ਹੋ ਜਾਂਦਾ ਹੈ ਜੈਸਾ ਪ੍ਰਭੂ-ਮਾਲਕ ਹੈ।
ਆਪਣੀ ਮਰਜ਼ੀ ਅਨੁਸਾਰ ਤੁਰ ਕੇ ਕਦੇ ਕੋਈ ਮਨੁੱਖ ਸੁਖ ਨਹੀਂ ਪਾਂਦਾ, ਅੰਨ੍ਹਾ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ;
ਮੂਰਖ ਦੀ (ਮਾਇਆ ਦੀ) ਭੁੱਖ ਮੁੱਕਦੀ ਨਹੀਂ, ਮਾਇਆ ਵਿਚ ਕਦੇ ਉਹ ਰੱਜਦਾ ਨਹੀਂ ਹੈ।
ਮਾਇਆ ਵਿਚ ਲੱਗ ਕੇ ਹਰ ਕੋਈ ਖ਼ੁਆਰ ਹੀ ਹੁੰਦਾ ਹੈ, ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ (ਕਿ ਮਾਇਆ ਦਾ ਮੋਹ ਖ਼ੁਆਰੀ ਦਾ ਹੀ ਮੂਲ ਹੈ)।
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਕਹੇ ਅਨੁਸਾਰ ਤੁਰਦਾ ਹੈ ਤੇ ਸੁਖ ਪਾਂਦਾ ਹੈ ॥੨੦॥
ਹੇ ਨਾਨਕ! (ਜਗਤ ਸਮਝਦਾ ਹੈ ਕਿ) ਜੇ ਧਨ ਮਿਲ ਜਾਏ ਤਾਂ ਇੱਜ਼ਤ ਬਣੀ ਰਹਿੰਦੀ ਹੈ ਤੇ ਧਰਮ ਕਮਾ ਸਕੀਦਾ ਹੈ।
ਪਰ, ਜਿਸ (ਧਨ) ਦੇ ਕਾਰਣ ਸਿਰ ਉਤੇ ਚੋਟਾਂ ਪੈਣ ਉਹ ਧਨ ਮਿੱਤ੍ਰ (ਭਾਵ, ਸ਼ਰਮ ਧਰਮ ਵਿਚ ਸਹਾਈ) ਨਹੀਂ ਕਿਹਾ ਜਾ ਸਕਦਾ।
ਜਿਨ੍ਹਾਂ ਪਾਸ ਧਨ ਹੈ ਉਹਨਾਂ ਦਾ ਨਾਮ 'ਕੰਗਾਲ' ਹੈ; (ਉਹ ਆਤਮਕ ਜੀਵਨ ਵਿਚ ਕੰਗਾਲ ਹਨ);
ਤੇ ਹੇ ਪ੍ਰਭੂ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਆਪ ਵੱਸਦਾ ਹੈਂ ਉਹ ਹਨ ਗੁਣਾਂ ਦੇ ਸਮੁੰਦਰ ॥੧॥
ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ, ਜੇ ਇਹ ਗੁਆਚ ਜਾਏ ਤਾਂ ਭੀ ਦੁੱਖ ਹੀ ਮਾਰਦੇ ਹਨ।
ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਤ੍ਰਿਸ਼ਨਾ ਮਿਟਦੀ ਨਹੀਂ।
'ਰੂਪ' ਵੇਖਣ ਨਾਲ (ਰੂਪ ਵੇਖਣ ਦੀ) ਤ੍ਰਿਸ਼ਨਾ ਜਾਂਦੀ ਨਹੀਂ (ਸਗੋਂ) ਜਿਉਂ ਜਿਉਂ ਵੇਖੀਏ, ਤਿਉਂ ਤਿਉਂ ਹੋਰ ਤ੍ਰਿਸ਼ਨਾ (ਵਧਦੀ ਹੈ)।
ਜਿਸਮ ਦੇ ਜਿਤਨੇ ਭੀ ਵਧੀਕ ਚਸਕੇ ਹਨ, ਉਤਨੇ ਹੀ ਵਧੀਕ ਇਸ ਨੂੰ ਦੁੱਖ ਵਿਆਪਦੇ ਹਨ ॥੨॥
ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)।
ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)।
(ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ।
(ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ), (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ ॥੩॥
ਲੱਖਾਂ ਮਣਾਂ ਸੋਨਾ ਹੋਵੇ ਤੇ ਲੱਖਾਂ ਮਣਾਂ ਚਾਂਦੀ-ਅਜੇਹੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣ,
ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ, ਨੇਜ਼ੇ-ਬਰਦਾਰ ਲੱਖਾਂ ਫ਼ੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ;
ਪਰ, ਜਿੱਥੇ (ਵਿਕਾਰਾਂ ਦੀ) ਅੱਗ ਤੇ ਪਾਣੀ ਦਾ ਅਥਾਹ ਸਮੁੰਦਰ ਲੰਘਣਾ ਪੈਂਦਾ ਹੈ,
(ਇਸ ਸਮੁੰਦਰ ਦਾ) ਕੰਢਾ ਭੀ ਨਹੀਂ ਦਿੱਸਦਾ, ਹਾਏ ਹਾਏ ਦਾ ਕੁਰਲਾਟ ਭੀ ਪੈ ਰਿਹਾ ਹੈ,
ਓਥੇ, ਹੇ ਨਾਨਕ! ਪਰਖੇ ਜਾਂਦੇ ਹਨ ਕਿ ਕੌਣ ਧਨੀ ਹਨ ਤੇ ਕੌਣ ਬਾਦਸ਼ਾਹ (ਭਾਵ, ਦੁਨੀਆ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿਚ ਸੜਨੋਂ ਤੇ ਵਿਕਾਰਾਂ ਦੀਆਂ ਲਹਿਰਾਂ ਵਿਚ ਡੁੱਬਣੋਂ ਬਚਾ ਨਹੀਂ ਸਕਦੇ; ਧਨ ਤੇ ਬਾਦਸ਼ਾਹੀ ਹੁੰਦਿਆਂ ਭੀ 'ਹਾਏ ਹਾਏ' ਨਹੀਂ ਮਿਟਦੀ) ॥੪॥
(ਜੋ 'ਬਿਖਿਆ' ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ;
ਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ।