ਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ॥੧॥ ਰਹਾਉ ॥
(ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।
ਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱਚਾ ਹੈ, ਵੱਡਾ ਹੈ, ਬੇਅੰਤ ਹੈ।
ਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ)। ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ)।
(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੨॥
(ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,
ਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ।
(ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,
ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥
(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।
ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।
ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥{46-47}
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ,
ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ,
(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥
ਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ।
ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ॥੧॥ ਰਹਾਉ ॥
ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ)।
ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।
(ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ॥੨॥
(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।
ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।
ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ॥੩॥
(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।
ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ ॥੪॥੧੪॥੮੪॥
(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,
ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।
ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
ਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ ॥
ਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ।
(ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।
(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥
(ਹੇ ਭਾਈ!) ਗੁਰੂ ਦੀ ਸੰਗਤਿ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।