ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।
ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ।
ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।
ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥
ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥
ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।
ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥
ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ।
ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ)। ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ॥
ਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ।
ਹੇ ਮਨ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥