ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ,
ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ॥੧॥ ਰਹਾਉ ॥
(ਹੇ ਭਾਈ!) ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ,
ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ)।
ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ,
ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ॥੨॥
(ਨਾਮ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ।
ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ),
ਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ।
(ਤਾਂ ਤੇ) ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ॥੩॥
(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ,
ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ॥੪॥੧੦॥੭੯॥
ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ।
ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।
ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ॥੧॥
ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ।
ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ॥੧॥ ਰਹਾਉ ॥
ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,
ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ।
ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ॥੨॥
ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ।
ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,
ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ॥੩॥
(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ।
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।
ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ।
ਹੇ ਨਾਨਕ! ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ॥੪॥੧੧॥੮੦॥
ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ।
ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ)।
(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ।
ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ॥੧॥
ਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ।
ਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ॥੧॥ ਰਹਾਉ ॥
ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ),
ਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ,
ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ।
ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ॥੨॥
ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ,
ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ,
ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ-
(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ॥੩॥
(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
ਕਿ ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਤਾਂ ਮਿਲਦਾ ਹੈ,
ਜੇ ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਜਾਣ।
(ਪਰ) ਨਾਨਕ ਆਖਦਾ ਹੈ- ਸਿਫ਼ਤ-ਸਾਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ ॥੪॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ।
ਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ॥੧॥ਰਹਾਉ ਦੂਜਾ॥