ਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ।
ਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ॥੧॥
ਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ।
ਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ ॥੧॥ ਰਹਾਉ ॥
ਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ।
(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ॥੨॥
ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
ਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ॥੩॥
ਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ।
ਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ॥੪॥
(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ।
ਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ॥੫॥੭॥੯॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗੂਜਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ।
ਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ॥੧॥
ਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼।
(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ॥੧॥ ਰਹਾਉ ॥
ਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ।
ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ॥੨॥
ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ।
ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ॥੩॥
ਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ।
ਹੇ ਨਾਨਕ! (ਆਖ-) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ॥੪॥੧॥
ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ।
ਗੋਵਿੰਦ ਦਾ ਭਜਨ ਕਰੋ, ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧॥
ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ।
ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ।
ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੨॥