ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੩॥੨੭॥
(ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ।
ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥
ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)।
ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ਰਹਾਉ॥
(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ।
ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥
(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ।
ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥
ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ।
ਹੇ ਨਾਨਕ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥
ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ,
ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ਰਹਾਉ॥
ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ।
ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥੧॥
ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ।
ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥੨॥
ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ।
ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥੩॥੧॥੨੯॥
ਹੇ ਮੇਰੇ ਪਿਆਰੇ! ਹੇ ਭਾਈ! (ਪਰਮਾਤਮਾ ਦੇ ਦਰ ਤੋਂ) ਪਰਮਾਤਮਾ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰਮ ਹੈ।
ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ। ਅੱਖਾਂ ਖੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ ਰਹਾਉ॥
ਹੇ ਸੱਜਣ! ਤੂੰ ਚੰਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ। ਪਰ, ਵੇਖ! ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ। ਸੰਤ ਜਨ ਆਖਦੇ ਹਨ ਕਿ ਸਿਰਫ਼ ਪਰਮਾਤਮਾ ਦਾ ਨਾਮ ਹੀ ਚੰਗਾ ਹੈ।
ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਹਨਾਂ ਦੇ ਮੋਹ ਵਿਚ ਫਸ ਕੇ) ਪਰਮਾਤਮਾ ਦਾ ਨਾਮ ਤੂੰ ਇਕ ਛਿਨ ਭਰ ਭੀ ਨਹੀਂ ਜਪਦਾ। ਵੇਖ, ਇਹ ਧਨ-ਪਦਾਰਥ ਕੁਝ ਭੀ (ਤੇਰੇ) ਨਾਲ ਨਹੀਂ ਜਾਵੇਗਾ ॥੧॥
ਹੇ ਭਾਈ! ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ, ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤਾਂ ਦਾ ਪੱਲਾ ਫੜਿਆ। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿੰਦੇ ਹਨ, ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ।
ਹੇ ਨਾਨਕ! ਜਿਸ ਮਨੁੱਖ ਦਾ ਮਨ ਸਿਰਫ਼ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਉਸ ਨੇ ਸਭ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ ॥੨॥੨॥੩੦॥