ਹੇ ਮੇਰੇ ਮਾਲਕ! ਮੇਹਰ ਕਰ, ਮੈਨੂੰ ਆਪਣਾ ਦਰਸਨ ਦੇਹ, ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ।
ਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ-ਬੱਸ! ਇਹ ਹੀ ਮੇਰੇ ਮਨ ਦੀ ਤਾਂਘ ਹੈ ॥੧॥
ਹੇ ਮੇਰੇ ਮਾਲਕ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।
ਹੇ ਹਰੀ! ਮੈਂ ਆਪਣੇ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ, ਜੀਭ ਨਾਲ ਤੇਰੀ ਹੀ ਆਰਾਧਨਾ ਕਰਦਾ ਹਾਂ, (ਤੇ ਸਦਾ ਸਹਾਇਤਾ ਲਈ) ਤੇਰੇ ਵਲ ਹੀ ਤੱਕਦਾ ਰਹਿੰਦਾ ਹਾਂ ॥੧॥ ਰਹਾਉ ॥
ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਸਭਨਾਂ ਦੇ ਮਾਲਕ! ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ,
(ਮੇਹਰ ਕਰ) ਤੇਰਾ ਦਾਸ ਨਾਨਕ (ਸਦਾ ਤੇਰਾ) ਨਾਮ ਜਪਦਾ ਰਹੇ। (ਜੇਹੜਾ) ਮਨੁੱਖ ਤੇਰਾ ਨਾਮ ਜਪਦਾ ਰਹੇਗਾ ਉਹ (ਸੰਸਾਰ-ਸਮੁੰਦਰ ਵਿਚੋਂ) ਅੱਖ ਝਮਕਣ ਜਿਤਨੇ ਸਮੇ ਵਿਚ ਬਚ ਨਿਕਲੇਗਾ ॥੨॥੧੧॥੨੦॥
(ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ।
(ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ ॥੧॥
(ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ।
(ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ ॥੧॥ ਰਹਾਉ ॥
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ-ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ।
ਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ ॥੨॥੧੨॥੨੧॥
(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ।
(ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥
ਜਿਸ (ਸਿਮਰਨ) ਦੀ ਬਰਕਤਿ ਨਾਲ ਮਨੁੱਖ ਦੀ ਮੇਹਨਤ ਵਿਅਰਥ ਨਹੀਂ ਜਾਂਦੀ,
ਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ।
ਹੇ ਨਾਨਕ! (ਆਖ-) ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ॥੨॥੧੩॥੨੨॥
ਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ।
ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ ॥੧॥
ਹੇ ਮੇਰੇ ਮਨ! ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ,
ਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ ॥੧॥ ਰਹਾਉ ॥
ਹੇ ਨਾਨਕ! (ਆਖ-) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ।
ਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ ॥੨॥੧੪॥੨੩॥
ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।
(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥
(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।
ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।
ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥
(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ।