ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 524


ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥

(ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ;

ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥

ਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ।

ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥

ਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ ॥੨੦॥

ਸਲੋਕ ਮਃ ੫ ॥

ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥

ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿਚ, ਧਰਤੀ ਉੱਤੇ (ਹਰ ਥਾਂ) ਮੌਜੂਦ ਹੈ;

ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥

ਮਃ ੫ ॥

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ;

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥

ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰ ਵਿਚ ਕਾਂ ਲੌਂਦਾ ਹੈ ॥੨॥

ਪਉੜੀ ॥

ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥

ਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ,

ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥

ਮਨ ਵਿਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ।

ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥

ਜੋ 'ਨਾਮ'-ਖ਼ਜ਼ਾਨੇ ਦੀ ਭਾਲ ਵਿਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ,

ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥

ਤੇ ਇਸ ਤਰ੍ਹਾਂ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ,

ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥

ਅਤੇ ਉਹਨ੍ਹਾਂ ਦੇ ਹਿਰਦੇ-ਘਰ ਵਿਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ,

ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥

ਤੇ ਉਨ੍ਹਾਂ ਦੇ ਜਨਮ ਮਰਨ ਮੁੱਕ ਜਾਂਦੇ ਹਨ, ਓਥੇ ਉਨ੍ਹਾਂ ਲਈ ਕੋਈ ਜਨਮ ਤੇ ਮੌਤ ਨਹੀਂ ਹਨ।

ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥

(ਇਸ ਅਵਸਥਾ ਵਿਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀਂ ਆਉਂਦੇ ਹਨ।

ਗੁਰਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ

ਹੇ ਨਾਨਕ! (ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੨੧॥੧॥੨॥

ਰਾਗੁ ਗੂਜਰੀ ਭਗਤਾ ਕੀ ਬਾਣੀ ॥

ਗੂਜਰੀ ਰਾਗ ਵਿੱਚ ਭਗਤਾਂ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥

ਭਗਤ ਕਬੀਰ ਜੀ ਦੀ ਘਰ ੨ ਵਿੱਚ ਚਾਰ-ਬੰਦਾਂ ਵਾਲੀ ਬਾਣੀ।

ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥

(ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ?

ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥

ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ॥੧॥

ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥

(ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ,

ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥

(ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ ॥੧॥ ਰਹਾਉ ॥

ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥

ਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ।

ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥

ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ ॥੨॥

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥

ਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿਚ ਭਟਕੇਂਗਾ।

ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥

ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ ॥੩॥

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥

ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ।

ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥

ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ ॥੪॥੧॥

ਗੂਜਰੀ ਘਰੁ ੩ ॥

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥

ਕਬੀਰ ਦੀ ਮਾਂ (ਕਬੀਰ ਆਖਦਾ ਹੈ ਕਿ ਮੇਰੀ ਮਾਂ) ਡੁਸਕ ਡੁਸਕ ਕੇ ਰੋਂਦੀ ਹੈ,

ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥

(ਤੇ ਆਖਦੀ ਹੈ-) ਹੇ ਪਰਮਾਤਮਾ! (ਕਬੀਰ ਦੇ) ਇਹ ਅੰਞਾਣੇ ਬਾਲ ਕਿਵੇਂ ਜੀਊਣਗੇ? ॥੧॥

ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥

(ਕਿਉਂਕਿ ਮੇਰੇ) ਕਬੀਰ ਨੇ (ਤਾਣਾ) ਤਣਨਾ ਤੇ (ਕੱਪੜਾ) ਉਣਨਾ ਸਭ ਕੁੱਝ ਛੱਡ ਦਿੱਤਾ ਹੈ,

ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥

ਤੇ ਹਰ ਵੇਲੇ ਹਰੀ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥

ਜਬ ਲਗੁ ਤਾਗਾ ਬਾਹਉ ਬੇਹੀ ॥

ਜਿਤਨਾ ਚਿਰ ਮੈਂ ਨਾਲ ਦੇ ਛੇਕ ਵਿਚ ਧਾਗਾ ਵਹਾਉਂਦਾ ਹਾਂ;

ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥

ਉਤਨਾ ਚਿਰ ਮੈਨੂੰ ਮੇਰਾ ਪਿਆਰਾ ਪ੍ਰਭੂ ਵਿਸਰ ਜਾਂਦਾ ਹੈ (ਭਾਵ, ਮੈਨੂੰ ਇਤਨਾ ਚਿਰ ਭੀ ਪ੍ਰਭੂ ਵਿਸਾਰਨਾ ਨਹੀਂ ਭਾਉਂਦਾ) ॥੨॥

ਓਛੀ ਮਤਿ ਮੇਰੀ ਜਾਤਿ ਜੁਲਾਹਾ ॥

(ਕੀਹ ਹੋਇਆ ਜੇ ਲੋਕਾਂ ਦੇ ਭਾਣੇ) ਮੇਰੀ ਛੋਟੀ ਜਿਹੀ ਅਕਲ ਹੈ ਤੇ ਮੈਂ ਜਾਤ ਦਾ (ਨੀਵਾਂ ਗ਼ਰੀਬ) ਜੁਲਾਹਾ ਹਾਂ,

ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥

ਪਰ ਮੈਂ ਪਰਮਾਤਮਾ ਦਾ ਨਾਮ-ਰੂਪ ਨਫ਼ਾ (ਇਸ ਮਨੁੱਖਾ-ਜਨਮ ਦੇ ਵਪਾਰ ਵਿਚ) ਖੱਟ ਲਿਆ ਹੈ ॥੩॥

ਕਹਤ ਕਬੀਰ ਸੁਨਹੁ ਮੇਰੀ ਮਾਈ ॥

ਕਬੀਰ ਆਖਦਾ ਹੈ: ਹੇ ਮੇਰੀ ਮਾਂ! ਸੁਣ,

ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥

ਸਾਡਾ ਤੇ ਸਾਡੇ ਇਹਨਾਂ ਬੱਚਿਆਂ ਦਾ ਰਿਜ਼ਕ ਦੇਣ ਵਾਲਾ ਇਕੋ ਹੀ ਪਰਮਾਤਮਾ ਹੈ ॥੪॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430