ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥
ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।
ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥
ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।
ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।
ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।
(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?
ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥
ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।
ਕਈ ਭਾਂਡਿਆਂ ਵਿਚ ਦੁੱਧ ਪਿਆ ਰਹਿੰਦਾ ਹੈ ਤੇ ਕਈ ਵਿਚਾਰੇ ਚੁੱਲ੍ਹੇ ਉੱਤੇ ਹੀ ਤਪਦੇ ਰਹਿੰਦੇ ਹਨ (ਭਾਵ, ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ)।
ਕਈ (ਭਾਗਾਂ ਵਾਲੇ) ਤੁਲਾਈਆਂ ਉੱਤੇ ਬੇਫ਼ਿਕਰ ਹੋ ਕੇ ਸੌਂਦੇ ਹਨ, ਕਈ ਵਿਚਾਰੇ (ਉਹਨਾਂ ਦੀ ਰਾਖੀ ਆਦਿਕ ਸੇਵਾ ਵਾਸਤੇ) ਉਹਨਾਂ ਦੀ ਹਜ਼ੂਰੀ ਵਿਚ ਖਲੋਤੇ ਰਹਿੰਦੇ ਹਨ।
ਪਰ, ਹੇ ਨਾਨਕ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ) ॥੧॥
ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਇਸ ਨੂੰ ਸਜਾਂਦਾ ਹੈ, ਸ੍ਰਿਸ਼ਟੀ ਦੀ ਸੰਭਾਲ ਭੀ ਆਪ ਹੀ ਕਰਦਾ ਹੈ,
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।
ਹੇ ਨਾਨਕ! (ਉਸ ਤੋਂ ਬਿਨਾ) ਕਿਸੇ ਹੋਰ ਦੇ ਅਗੇ ਫ਼ਰਿਆਦ ਨਹੀਂ ਹੋ ਸਕਦੀ, ਉਹ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
ਪ੍ਰਭੂ ਦੇ ਗੁਣਾਂ ਸੰਬੰਧੀ ਕੋਈ ਗੱਲ ਕਹੀ ਨਹੀਂ ਜਾ ਸਕਦੀ, (ਭਾਵ, ਗੁਣਾਂ ਦਾ ਅੰਤ ਨਹੀਂ ਪੈ ਸਕਦਾ)।
ਉਹ ਆਪ ਹੀ ਸਿਰਜਨਹਾਰ ਹੈ, ਆਪ ਹੀ ਕੁਦਰਤ ਦਾ ਮਾਲਕ ਹੈ, ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ।
ਸਾਰੇ ਜੀਵ ਉਹੀ ਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ (ਉਹਨਾਂ ਦੇ ਭਾਗਾਂ ਵਿਚ) ਪਾ ਛੱਡੀ ਹੈ।
ਹੇ ਨਾਨਕ! ਇਕ ਪ੍ਰਭੂ ਦੀ ਟੇਕ ਤੋਂ ਬਿਨਾ ਹੋਰ ਕੋਈ ਥਾਂ ਨਹੀਂ,
ਜੋ ਕੁਝ ਉਸ ਦੀ ਮਰਜ਼ੀ ਹੈ ਉਹੀ ਕਰਦਾ ਹੈ ॥੨੪॥੧॥ ਸੁਧੁ
ਮੈਂ ਆਪਣੇ ਗੁਰੂ ਦੀ ਚਰਨੀਂ ਲੱਗ ਕੇ ਬੇਨਤੀ ਕਰਦਾ ਹਾਂ ਤੇ ਪੁੱਛਦਾ ਹਾਂ-ਹੇ ਗੁਰੂ! ਮੈਨੂੰ ਇਹ ਗੱਲ ਸਮਝਾ ਕੇ ਦੱਸ ਕਿ ਜੀਵ ਕਾਹਦੇ ਲਈ ਪੈਦਾ ਕੀਤਾ ਜਾਂਦਾ ਹੈ,
ਤੇ ਕਿਸ ਕਾਰਨ ਜਗਤ ਜੰਮਦਾ ਮਰਦਾ ਰਹਿੰਦਾ ਹੈ (ਭਾਵ, ਜੀਵ ਨੂੰ ਮਨੁੱਖਾ-ਜਨਮ ਦੇ ਮਨੋਰਥ ਦੀ ਸੂਝ ਗੁਰੂ ਤੋਂ ਹੀ ਪੈ ਸਕਦੀ ਹੈ) ॥੧॥
ਹੇ ਗੁਰਦੇਵ! ਮੇਰੇ ਉੱਤੇ ਮਿਹਰ ਕਰ, ਮੈਨੂੰ (ਜ਼ਿੰਦਗੀ ਦੇ ਸਹੀ) ਰਸਤੇ ਉੱਤੇ ਪਾ, ਜਿਸ ਰਾਹ ਤੇ ਤੁਰਿਆਂ ਮੇਰੇ ਦੁਨੀਆ ਵਾਲੇ ਸਹਮ ਤੇ ਮਾਇਆ ਵਾਲੇ ਜਕੜ ਟੁਟ ਜਾਣ,
ਮੇਰੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੇਰੀ ਜਿੰਦ ਦੇ ਸਾਰੀ ਉਮਰ ਦੇ ਜੰਜਾਲ ਉੱਕਾ ਹੀ ਮੁੱਕ ਜਾਣ ॥੧॥ ਰਹਾਉ ॥
ਹੇ ਮੇਰੇ ਗੁਰਦੇਵ! ਮੇਰਾ ਮਨ (ਆਪਣੇ ਗਲੋਂ) ਮਾਇਆ ਦੀਆਂ ਫਾਹੀਆਂ ਤੇ ਬੰਧਨ ਤੋੜਦਾ ਨਹੀਂ, ਨਾਹ ਹੀ ਇਹ (ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਅਫੁਰ ਪ੍ਰਭੂ ਵਿਚ ਜੁੜਦਾ ਹੈ।
ਮੇਰੇ ਇਸ ਮਨ ਨੇ ਆਪਣੇ ਵਾਸ਼ਨਾ-ਰਹਿਤ ਅਸਲੇ ਦੀ ਪਛਾਣ ਨਹੀਂ ਕੀਤੀ, ਤੇ ਇਹਨੀਂ ਗੱਲੀਂ ਇਸ ਦਾ ਕੋਰਾ-ਪਨ ਦੂਰ ਨਹੀਂ ਹੋਇਆ ॥੨॥
ਹੇ ਗੁਰਦੇਵ! ਮੇਰਾ ਮਨ, ਜੋ ਚੰਗੇ ਮੰਦੇ ਖ਼ਿਆਲਾਂ ਦੀ ਪਰਖ ਕਰਨ ਦੇ ਅਸਮਰੱਥ ਸੀ, ਇਸ ਜਗਤ ਨੂੰ-ਜੋ ਕਿਸੇ ਹਾਲਤ ਵਿਚ ਭੀ ਪ੍ਰਭੂ ਤੋਂ ਵੱਖਰਾ ਟਿਕ ਨਹੀਂ ਸਕਦਾ-ਉਸ ਤੋਂ ਵੱਖਰੀ ਹਸਤੀ ਵਾਲਾ ਸਮਝਦਾ ਰਿਹਾ ਹੈ।
(ਪਰ ਤੇਰੀ ਮਿਹਰ ਨਾਲ ਜਦੋਂ ਤੋਂ) ਮੇਰੇ ਮਨ ਦੀ ਉਹ ਮੱਤ ਨਾਸ ਹੋਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ, ਤਾਂ ਹੁਣ ਸਦਾ ਇਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੩॥
(ਹੇ ਗੁਰਦੇਵ!) ਜਿਵੇਂ, ਜਦੋਂ ਪਾਣੀ ਨਾਲ ਭਰਿਆ ਹੋਇਆ ਘੜਾ ਟੁੱਟ ਜਾਂਦਾ ਹੈ ਤਾਂ (ਉਸ ਪਾਣੀ ਵਿਚ ਪੈਣ ਵਾਲਾ) ਅਕਸ ਪਾਣੀ ਨਾਲ ਹੀ ਮਿਲ ਜਾਂਦਾ ਹੈ (ਭਾਵ, ਜਿਵੇਂ ਪਾਣੀ ਅਤੇ ਅਕਸ ਦੀ ਹਸਤੀ ਉਸ ਘੜੇ ਵਿਚੋਂ ਮੁੱਕ ਜਾਂਦੀ ਹੈ),
ਕਬੀਰ ਆਖਦਾ ਹੈ- ਤਿਵੇਂ ਤੇਰੀ ਮਿਹਰ ਨਾਲ ਰੱਸੀ (ਤੇ ਸੱਪ) ਵਾਲਾ ਭੁਲੇਖਾ ਮਿਟ ਗਿਆ ਹੈ (ਇਹ ਭੁਲੇਖਾ ਮੁੱਕ ਗਿਆ ਹੈ ਕਿ ਇਹ ਦਿੱਸਦਾ ਜਗਤ ਪਰਮਾਤਮਾ ਨਾਲੋਂ ਕੋਈ ਵੱਖਰੀ ਹਸਤੀ ਹੈ), ਤੇ ਮੇਰਾ ਮਨ ਅਫੁਰ ਪ੍ਰਭੂ ਵਿਚ ਟਿਕ ਗਿਆ ਹੈ ॥੪॥੧॥