ਉਹ ਮਨੁੱਖ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ;
ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ ॥੬॥
(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ,
ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ)।
ਜਤ ਸਤ ਤੇ ਸੰਜਮ ਉਸ ਮਨੁੱਖ ਦੇ ਹਿਰਦੇ ਵਿਚ (ਸੁਤੇ ਹੀ) ਲੀਨ ਰਹਿੰਦੇ ਹਨ,
ਜੇ ਉਹ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ ॥੭॥
ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।
ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ,
ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ॥੮॥੧॥
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ।
ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ।
ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ।
ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੧॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
(ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ ॥੧॥ ਰਹਾਉ ॥
ਮੈਂ (ਭੀ) ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜੇਹੜਾ ਸਦਾ-ਥਿਰ ਪ੍ਰਭੂ ਨੂੰ (ਮੇਰੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਦੇਵੇ,
ਜੇਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ-ਚਰਨਾਂ ਵਿਚ ਜੋੜ ਦੇਵੇ।
ਪਰਮਾਤਮਾ ਦੇ ਭਗਤ ਨੂੰ (ਸਿਫ਼ਤ-ਸਾਲਾਹ ਤੋਂ ਬਿਨਾ) ਕੋਈ ਹੋਰ ਕਾਰ ਨਹੀਂ (ਸੁੱਝਦੀ)।
ਭਗਤ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ-ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ॥੨॥
ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ (ਭਾਵ, ਮਾਇਆ-ਮੋਹਿਆ ਦਸੀਂ ਪਾਸੀਂ ਦੌੜਦਾ ਨਹੀਂ (ਫਿਰਦਾ), ਉਸ ਦੇ ਮਨ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ,
ਉਹ ਸੇਵਕ ਸਦਾ-ਥਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿਚ ਮਿਲ ਕੇ ਉਸ (ਦੀ ਯਾਦ) ਵਿਚ ਲੀਨ ਰਹਿੰਦਾ ਹੈ।
ਉਹ ਸੇਵਕ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ,
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੩॥
ਪਰਮਾਤਮਾ ਆਪਣਾ ਦਰਸਨ ਆਪ ਹੀ (ਗੁਰੂ ਦੀ ਰਾਹੀਂ) ਕਰਾਂਦਾ ਹੈ, ਆਪ ਹੀ (ਸਭ ਜੀਵਾਂ ਦੇ) ਦਿਲ ਦੀ ਜਾਣਦਾ ਹੈ।
(ਇਸ ਵਾਸਤੇ ਉਹ) ਹਠ ਦੀ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਨਾਹ ਹੀ ਬਹੁਤੇ (ਧਾਰਮਿਕ) ਭੇਖਾਂ ਤੇ ਪ੍ਰਸੰਨ ਹੁੰਦਾ ਹੈ।
ਜਿਸ ਪ੍ਰਭੂ ਨੇ (ਸਾਰੇ) ਸਰੀਰ ਸਾਜੇ ਹਨ ਤੇ (ਗੁਰੂ ਦੀ ਸਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿਚ) ਨਾਮ-ਅੰਮ੍ਰਿਤ ਪਾਇਆ ਹੈ,
ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿਚ ਜੋੜਿਆ ਹੈ ॥੪॥
ਜੇਹੜੇ ਮਨੁੱਖ (ਵਿੱਦਿਆ) ਪੜ੍ਹ ਪੜ੍ਹ ਕੇ (ਵਿੱਦਿਆ ਦੇ ਮਾਣ ਵਿਚ ਹੀ ਸਿਮਰਨ ਤੋਂ) ਖੁੰਝ ਜਾਂਦੇ ਹਨ ਉਹ (ਆਤਮਕ ਮੌਤ ਦੀਆਂ) ਚੋਟਾਂ ਸਹਿੰਦੇ ਹਨ।
(ਵਿੱਦਿਆ ਦੀ) ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ।
ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ-ਅਦਬ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਂਦਾ ਹੈ,
ਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੫॥
ਜੇਹੜਾ ਮਨੁੱਖ ਪੱਥਰ (ਦੀਆਂ ਮੂਰਤੀਆਂ) ਪੂਜਦਾ ਰਿਹਾ, ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿਚ ਨਿਵਾਸ ਰੱਖਦਾ ਰਿਹਾ,
ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ (ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ),
ਜੇ ਉਸ ਦਾ ਮਨ ਮੈਲਾ ਹੀ ਰਿਹਾ, ਤਾਂ ਉਹ ਪਵਿਤ੍ਰ ਕਿਵੇਂ ਹੋ ਸਕਦਾ ਹੈ?
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ (ਸਿਮਰਨ ਦੀ ਰਾਹੀਂ) ਲੀਨ ਹੁੰਦਾ ਹੈ (ਉਹੀ ਪਵਿਤ੍ਰ ਹੁੰਦਾ ਹੈ, ਤੇ) ਉਹ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੬॥
ਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ (ਆਤਮਕ) ਸੂਝ ਭੀ ਹੈ,
ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ,
ਜੋ ਅੱਖ ਝਮਕਣ ਦੇ ਸਮੇ ਵਿਚ ਕ੍ਰੋੜਾਂ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ,
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ॥੭॥
ਹੇ ਪ੍ਰਭੂ! ਮੈਂ ਕਿਸ ਬੰਦੇ ਅੱਗੇ ਤੇਰੀ ਸਿਫ਼ਤ-ਸਾਲਾਹ ਕਰਾਂ?
ਮੈਨੂੰ ਤਾਂ ਤੈਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ।
ਜਿਵੇਂ ਤੇਰੀ ਮੇਹਰ ਹੋਵੇ ਮੈਨੂੰ ਆਪਣੀ ਰਜ਼ਾ ਵਿਚ ਰੱਖ,
ਨਾਨਕ ਆਖਦਾ ਹੈ- (ਹੇ ਪ੍ਰਭੂ! ਤੇਰਾ ਦਾਸ) ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਤੇਰੇ ਪ੍ਰੇਮ ਵਿਚ ਟਿਕ ਕੇ ਤੇਰੇ ਗੁਣ ਗਾਵੇ ॥੮॥੨॥
ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ।
ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ॥੧॥
ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ।
ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ॥੧॥ ਰਹਾਉ ॥
ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ।