ਹੇ ਕਵੀ ਕੀਰਤ! ਜੋ ਮਨੁੱਖ ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।
ਜਿਵੇਂ (ਗੁਰੂ) ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ (ਰਹੇ, ਭਾਵ, ਸਦਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿਚ ਰਹੇ), ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥
ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,
ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।"
ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),
ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥
(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।
ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।
ਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।
ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥
ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।
ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।
ਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।
'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥
(ਹੇ ਗੁਰੂ ਰਾਮਦਾਸ ਜੀ!) ਆਪ ਨੇ 'ਮੋਹ' ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ 'ਕਾਮ' ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।
(ਤੁਸਾਂ) 'ਕਰੋਧ' ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ 'ਲੋਭ' ਨੂੰ ਆਪ ਨੇ ਨਿਰਾਦਰੀ ਨਾਲ ਪਰੇ ਦੁਰਕਾਇਆ ਹੈ।
'ਜਨਮ' ਤੇ 'ਮਰਨ' ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।
ਆਪ ਨੇ ਸੰਸਾਰ ਸਮੁੰਦਰ ਨੂੰ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ (ਇਸ ਸੰਸਾਰ-ਸਮੁੰਦਰ ਤੋਂ) ਤਾਰ ਲਏ ਹਨ।
(ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।
ਹੇ ਸਲ੍ਯ੍ਯ ਕਵੀ! ਤੂੰ ਸੱਚ ਆਖ "ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ" ॥੧॥
ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।
ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।
(ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
(ਮੇਰੇ ਵਾਸਤੇ ਤਾਂ ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ (ਵਰਾਹ-ਰੂਪ ਹੋ ਕੇ)। ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।
(ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।
ਹੇ ਗੁਰੂ ਰਾਮਦਾਸ! ਸਲ੍ਯ੍ਯ ਕਵੀ (ਆਖਦਾ ਹੈ)-ਜੋ ਮਨੁੱਖ ਤੇਰੀ ਸਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਨੂੰ ਬਦਦਾ ਨਹੀਂ ਹੈ ॥੨॥੬੦॥
ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ,
ਜਿਸ ਦਾ ਸਿਮਰਨ ਕਰਨ ਨਾਲ ਦੁਰਮੱਤ ਦੀ ਮੈਲ ਦੂਰ ਹੋ ਜਾਂਦੀ ਹੈ।
ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ,