ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ)।
ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ ॥੩॥
ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ।
ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ॥੪॥
ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ।
ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ॥੫॥
ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ।
ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੬॥
ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ।
ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ ॥੭॥
ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ।
ਪਰ, ਨਾਨਕ ਆਖਦਾ ਹੈ- ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ॥੮॥
ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ।
ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।ਰਹਾਉ ਦੂਜਾ ॥੧॥੩॥
ਰਾਗ ਸੋਰਠਿ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ,
ਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ।
(ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ)।
ਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ;
ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ।
ਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ।
ਹੇ ਨਾਨਕ! (ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ) ॥੧॥
ਸੋਰਠਿ ਰਾਗਣੀ ਤਦੋਂ ਸੋਹਣੀ ਹੈ, ਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ,
ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ;
ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।
ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।
ਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂ;
ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ ॥੨॥
ਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ;
(ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ; ਸੰਸਾਰ ਰਚਣ ਵਾਲਾ ਤੂੰ ਆਪ ਹੈਂ।
ਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂ;
ਹੇ (ਜਗਤ ਨੂੰ) ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ।
(ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤ-ਸਾਲਾਹ ਸਦਾ ਕਰ ਸਕਦਾ ਹਾਂ ॥੧॥