ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 468


ਸਤਿਗੁਰੁ ਭੇਟੇ ਸੋ ਸੁਖੁ ਪਾਏ ॥

ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ,

ਹਰਿ ਕਾ ਨਾਮੁ ਮੰਨਿ ਵਸਾਏ ॥

ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ।

ਨਾਨਕ ਨਦਰਿ ਕਰੇ ਸੋ ਪਾਏ ॥

(ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥੨॥

ਪਉੜੀ ॥

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥

(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ।

ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੑੀ ਧਾਵਦੇ ॥

ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ,

ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ ॥

(ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥

(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ।

ਤਿਨੑ ਮੰਗਾ ਜਿ ਤੁਝੈ ਧਿਆਇਦੇ ॥੯॥

ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ 'ਨਾਮ') ਮੰਗਦਾ ਹਾਂ ॥੯॥

ਸਲੋਕੁ ਮਃ ੧ ॥

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥

ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ।

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥

(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ।

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ ॥

ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ,

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)।

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ।

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ।

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ।

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥

(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ।

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥

ਮਃ ੧ ॥

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥

(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ।

ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥

ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।

ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥

(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ,

ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥

(ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥

ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ,

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥

ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ।

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥

ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ,

ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥

ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ।

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥

ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ,

ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥

ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥

ਉਨ੍ਹਾਂ ਮਨੁੱਖਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ),

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

ਨਾਨਕ ਅਰਜ਼ ਕਰਦਾ ਹੈ- ਜਿਨ੍ਹਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ ॥੨॥

ਪਉੜੀ ॥

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥

(ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ। ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ।

ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥

(ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ,

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥

(ਕਿਉਂਕਿ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।

ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨੑਾ ਦੀ ਪਾਈਐ ॥

ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ।

ਮਤਿ ਥੋੜੀ ਸੇਵ ਗਵਾਈਐ ॥੧੦॥

(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ॥੧੦॥

ਸਲੋਕੁ ਮਃ ੧ ॥

ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥

(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ)।

ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥

ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ। ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ)।

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥

ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ)।

ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥

ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ।

ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥

ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ।

ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥

(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ॥੧॥

ਮਃ ੧ ॥

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥

(ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ,

ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥

(ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430