(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।
ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥
(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,
ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।
ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥
ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।
ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ ॥
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,
ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥
ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,
ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥
ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।
ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥
ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,
ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।
ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।
ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,
ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
ਉਸੇ ਨੂੰ ਪ੍ਰਭੂ ਮਿਲਦਾ ਹੈ,
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।
(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,
(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;
ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥
(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,
ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥
(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।
ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।
ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।
ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥
(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),
ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,
ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),
ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,
ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।
ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥