ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 414


ਕੰਚਨ ਕਾਇਆ ਜੋਤਿ ਅਨੂਪੁ ॥

ਜੇਹੜਾ ਪਰਮਾਤਮਾ (ਸੁੱਧ) ਸੋਨੇ ਵਰਗੀ ਪਵਿਤ੍ਰ ਹਸਤੀ ਵਾਲਾ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ,

ਤ੍ਰਿਭਵਣ ਦੇਵਾ ਸਗਲ ਸਰੂਪੁ ॥

ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ,

ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥

ਇਹ ਸਾਰਾ ਆਕਾਰ ਜਿਸ ਦਾ (ਸਰਗੁਣ) ਸਰੂਪ ਹੈ, ਉਸ ਪਰਮਾਤਮਾ ਦਾ ਸਦਾ-ਥਿਰ ਤੇ ਕਦੇ ਨਾਹ ਮੁੱਕਣ ਵਾਲਾ ਨਾਮ-ਧਨ ਮੈਨੂੰ (ਗੁਰੂ-ਸਰਾਫ਼ ਤੋਂ) ਮਿਲਿਆ ਹੈ ॥੪॥

ਪੰਚ ਤੀਨਿ ਨਵ ਚਾਰਿ ਸਮਾਵੈ ॥

ਜੋ ਪਰਮਾਤਮਾ ਪੰਜਾਂ ਤੱਤਾਂ ਵਿਚ, ਮਾਇਆ ਦੇ ਤਿੰਨ ਗੁਣਾਂ ਵਿਚ, ਨੌ ਖੰਡਾਂ ਵਿਚ ਅਤੇ ਚਾਰ ਕੂਟਾਂ ਵਿਚ ਵਿਆਪਕ ਹੈ,

ਧਰਣਿ ਗਗਨੁ ਕਲ ਧਾਰਿ ਰਹਾਵੈ ॥

ਜੋ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਿਆ ਦੇ ਆਸਰੇ (ਥਾਂ ਸਿਰ) ਟਿਕਾਈ ਰਖਦਾ ਹੈ;

ਬਾਹਰਿ ਜਾਤਉ ਉਲਟਿ ਪਰਾਵੈ ॥੫॥

ਗੁਰੂ-ਸਰਾਫ਼ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵਲ ਦੌੜਦੇ ਮਨ ਨੂੰ ਉਸ ਪਰਮਾਤਮਾ ਵਲ ਪਰਤਾ ਕੇ ਲਿਆਉਂਦਾ ਹੈ ॥੫॥

ਮੂਰਖੁ ਹੋਇ ਨ ਆਖੀ ਸੂਝੈ ॥

(ਗੁਰੂ-ਸਰਾਫ਼ ਦੱਸਦਾ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਰਮਿਆ ਹੋਇਆ ਹੈ, ਪਰ) ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ (ਪ੍ਰਭੂ) ਨਹੀਂ ਦਿੱਸਦਾ,

ਜਿਹਵਾ ਰਸੁ ਨਹੀ ਕਹਿਆ ਬੂਝੈ ॥

ਜਿਸ ਦੀ ਜੀਭ ਵਿਚ (ਪ੍ਰਭੂ ਦਾ) ਨਾਮ-ਰਸ ਨਹੀਂ ਆਇਆ, ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ।

ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥

ਉਹ ਮਨੁੱਖ ਵਿਹੁਲੀ ਮਾਇਆ ਵਿਚ ਮਸਤ ਹੋ ਕੇ ਜਗਤ ਨਾਲ ਝਗੜੇ ਸਹੇੜਦਾ ਹੈ ॥੬॥

ਊਤਮ ਸੰਗਤਿ ਊਤਮੁ ਹੋਵੈ ॥

ਗੁਰੂ ਦੀ ਸ੍ਰੇਸ਼ਟ ਸੰਗਤਿ ਦੀ ਬਰਕਤਿ ਨਾਲ ਮਨੁੱਖ ਸ੍ਰੇਸ਼ਟ ਜੀਵਨ ਵਾਲਾ ਬਣ ਜਾਂਦਾ ਹੈ,

ਗੁਣ ਕਉ ਧਾਵੈ ਅਵਗਣ ਧੋਵੈ ॥

ਆਤਮਕ ਗੁਣਾਂ ਦੀ ਪ੍ਰਾਪਤੀ ਲਈ ਦੌੜ-ਭੱਜ ਕਰਦਾ ਹੈ ਤੇ (ਆਪਣੇ ਅੰਦਰੋਂ ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਔਗੁਣ ਧੋ ਦੇਂਦਾ ਹੈ।

ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥

(ਇਹ ਗੱਲ ਯਕੀਨੀ ਹੈ ਕਿ) ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ (ਔਗੁਣਾਂ ਤੋਂ ਖ਼ਲਾਸੀ ਨਹੀਂ ਹੁੰਦੀ, ਤੇ) ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ॥੭॥

ਹੀਰਾ ਨਾਮੁ ਜਵੇਹਰ ਲਾਲੁ ॥

ਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਹੈ,

ਮਨੁ ਮੋਤੀ ਹੈ ਤਿਸ ਕਾ ਮਾਲੁ ॥

ਜੋ ਮੋਤੀ (ਵਰਗੇ ਸੁੱਚਾ) ਮਨ ਵਾਲੇ ਮਨੁੱਖ ਦੀ ਰਾਸਿ-ਪੂੰਜੀ ਬਣ ਜਾਂਦਾ ਹੈ।

ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥

ਹੇ ਨਾਨਕ! ਗੁਰੂ-ਸਰਾਫ਼ ਜਿਸ ਮਨੁੱਖ ਨੂੰ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ॥੮॥੫॥

ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥

(ਹੇ ਮਨੁੱਖ! ਤੂੰ) ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਅਤੇ ਪਰਮਾਤਮਾ ਵਿਚ ਜੁੜੀ ਸੁਰਤਿ (ਦਾ ਆਨੰਦ) ਮਾਣ,

ਗੁਰਮੁਖਿ ਮਹਲੀ ਮਹਲੁ ਪਛਾਨੁ ॥

ਗੁਰੂ ਦੀ ਸਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਣ।

ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥

ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, (ਇਹ ਤੇਰੇ ਜੀਵਨ-ਸਫ਼ਰ ਲਈ) ਰਾਹਦਾਰੀ ਹੈ ॥੧॥

ਐਸੇ ਪ੍ਰੇਮ ਭਗਤਿ ਵੀਚਾਰੀ ॥

ਇਸ ਤਰ੍ਹਾਂ ਪ੍ਰਭੂ-ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰ ਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ।

ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥

ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥

(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ) ਦਿਨ ਰਾਤ ਆਪਣੇ ਹਿਰਦੇ-ਥਾਂ ਵਿਚ ਪਰਮਾਤਮਾ ਦਾ ਪਵਿਤ੍ਰ ਸ੍ਰੇਸ਼ਟ ਡੇਰਾ ਬਣਾਈ ਰੱਖਦਾ ਹੈ,

ਤੀਨ ਭਵਨ ਨਿਹਕੇਵਲ ਗਿਆਨੁ ॥

ਤਿੰਨਾਂ ਭਵਨਾਂ ਵਿਚ ਵਿਆਪਕ ਤੇ ਵਾਸ਼ਨਾ-ਰਹਿਤ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਪੈ ਜਾਂਦੀ ਹੈ।

ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥

(ਤੂੰ ਭੀ) ਅਭੁੱਲ ਗੁਰੂ ਤੋਂ (ਭਾਵ, ਸਰਨ ਪੈ ਕੇ) ਪਰਮਾਤਮਾ ਦੀ ਰਜ਼ਾ ਨੂੰ ਸਮਝ ॥੨॥

ਸਾਚਾ ਹਰਖੁ ਨਾਹੀ ਤਿਸੁ ਸੋਗੁ ॥

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ) ਅੰਦਰ ਟਿਕਵਾਂ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ;

ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥

ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਡੂੰਘੀ ਸਾਂਝ ਉਸ ਮਨੁੱਖ ਦਾ ਆਤਮਕ ਭੋਜਨ ਬਣ ਜਾਂਦਾ ਹੈ।

ਪੰਚ ਸਮਾਈ ਸੁਖੀ ਸਭੁ ਲੋਗੁ ॥੩॥

(ਜੇ ਗੁਰੂ ਦੀ ਸਰਨ ਪੈ ਕੇ) ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ॥੩॥

ਸਗਲੀ ਜੋਤਿ ਤੇਰਾ ਸਭੁ ਕੋਈ ॥

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ: ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਵਿਚ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ ਹੈ), ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ।

ਆਪੇ ਜੋੜਿ ਵਿਛੋੜੇ ਸੋਈ ॥

ਪਰਮਾਤਮਾ ਆਪ ਹੀ ਜੀਵਾਂ ਦੇ ਸੰਜੋਗ ਬਣਾਂਦਾ ਹੈ, ਤੇ ਆਪ ਹੀ ਫਿਰ ਵਿਛੋੜਾ ਪਾ ਦੇਂਦਾ ਹੈ।

ਆਪੇ ਕਰਤਾ ਕਰੇ ਸੁ ਹੋਈ ॥੪॥

ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ॥੪॥

ਢਾਹਿ ਉਸਾਰੇ ਹੁਕਮਿ ਸਮਾਵੈ ॥

ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿਚ ਲੀਨ ਹੋ ਜਾਂਦਾ ਹੈ।

ਹੁਕਮੋ ਵਰਤੈ ਜੋ ਤਿਸੁ ਭਾਵੈ ॥

ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ।

ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥

ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ॥੫॥

ਬਾਲਕ ਬਿਰਧਿ ਨ ਸੁਰਤਿ ਪਰਾਨਿ ॥

ਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬੁਢੇਪੇ ਵਿੱਚ (ਤੇ ਨਾਹ ਹੀ ਜਵਾਨੀ ਸਮੇ) ਕਦੇ ਭੀ ਪਰਮਾਤਮਾ ਵਿਚ ਨਹੀਂ ਜੁੜਦੀ,

ਭਰਿ ਜੋਬਨਿ ਬੂਡੈ ਅਭਿਮਾਨਿ ॥

(ਸਗੋਂ) ਭਰ-ਜਵਾਨੀ ਵਿਚ ਉਹ (ਜਵਾਨੀ ਦੇ) ਅਹੰਕਾਰ ਵਿਚ ਡੁੱਬਾ ਰਹਿੰਦਾ ਹੈ,

ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥

ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਆਖ਼ਰ (ਇਥੋਂ) ਕੀਹ ਖੱਟੇਗਾ? ॥੬॥

ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥

ਜਿਸ ਪਰਮਾਤਮਾ ਦਾ ਦਿੱਤਾ ਅੰਨ ਤੇ ਧਨ ਜੀਵ ਵਰਤਦਾ ਰਹਿੰਦਾ ਹੈ, ਜੇ ਅਡੋਲ ਅਵਸਥਾ ਵਿਚ ਟਿਕ ਕੇ ਉਸ ਨਾਲ ਕਦੇ ਭੀ ਸਾਂਝ ਭੀ ਨਹੀਂ ਪਾਂਦਾ,

ਭਰਮਿ ਭੁਲਾਨਾ ਫਿਰਿ ਪਛੁਤਾਨਾ ॥

ਤੇ ਮਾਇਆ ਦੀ ਭਟਕਣਾ ਵਿਚ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਤਾਂ ਆਖ਼ਰ ਪਛਤਾਂਦਾ ਹੈ।

ਗਲਿ ਫਾਹੀ ਬਉਰਾ ਬਉਰਾਨਾ ॥੭॥

ਉਸ ਦੇ ਗਲ ਵਿਚ ਮੋਹ ਦੀ ਫਾਹੀ ਪਈ ਰਹਿੰਦੀ ਹੈ, ਮੋਹ ਵਿਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਹੈ ॥੭॥

ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥

ਉਹ ਜਗਤ ਨੂੰ (ਮੋਹ ਵਿਚ) ਡੁੱਬਦਾ ਵੇਖ ਕੇ (ਮੋਹ ਤੋਂ) ਡਰ ਕੇ ਭੱਜ ਜਾਂਦੇ ਹਨ,

ਸਤਿਗੁਰਿ ਰਾਖੇ ਸੇ ਵਡਭਾਗੇ ॥

ਉਹ ਬੜੇ ਭਾਗਾਂ ਵਾਲੇ ਹਨ ਤੇ ਸਤਿਗੁਰੂ ਨੇ ਉਹਨਾਂ ਨੂੰ (ਮੋਹ ਦੀ ਕੈਦ ਤੋਂ) ਬਚਾ ਲਿਆ ਹੈ,

ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥

ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ (ਸ਼ਰਨ ਪੈਂਦੇ) ਹਨ, ਹੇ ਨਾਨਕ! ॥੮॥੬॥

ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਗਾਵਹਿ ਗੀਤੇ ਚੀਤਿ ਅਨੀਤੇ ॥

ਜੇਹੜੇ ਮਨੁੱਖ (ਦੂਜਿਆਂ ਨੂੰ ਹੀ ਸੁਣਾਣ ਵਾਸਤੇ ਭਗਤੀ ਦੇ) ਗੀਤ ਗਾਂਦੇ ਹਨ, ਪਰ ਉਹਨਾਂ ਦੇ ਚਿੱਤ ਵਿਚ ਮੰਦੇ ਖ਼ਿਆਲ (ਮੌਜੂਦ) ਹਨ;

ਰਾਗ ਸੁਣਾਇ ਕਹਾਵਹਿ ਬੀਤੇ ॥

ਜੇਹੜੇ (ਹੋਰਨਾਂ ਨੂੰ) ਰਾਗ (ਦ੍ਵੈਖ ਤੋਂ ਬਚਣ ਦੀਆਂ ਗੱਲਾਂ) ਸੁਣਾ ਕੇ ਅਖਵਾਂਦੇ ਹਨ ਕਿ ਅਸੀਂ ਰਾਗ ਦ੍ਵੈਖ ਤੋਂ ਬਚੇ ਹੋਏ ਹਾਂ,

ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਝੂਠ (ਵੱਸਦਾ) ਹੈ, ਉਹਨਾਂ ਦੇ ਮਨ ਵਿਚ ਕੁਕਰਮ (ਟਿਕੇ ਹੋਏ) ਹਨ ॥੧॥

ਕਹਾ ਚਲਹੁ ਮਨ ਰਹਹੁ ਘਰੇ ॥

(ਹੋਰਨਾਂ ਨੂੰ ਮੱਤਾਂ ਦੇਣ ਵਾਲੇ) ਹੇ ਮਨ! ਤੂੰ (ਕੁਕਰਮਾਂ ਵਿਚ) ਕਿਉਂ ਭਟਕ ਰਿਹਾ ਹੈਂ? ਆਪਣੇ ਅੰਦਰ ਹੀ ਟਿਕਿਆ ਰਹੁ।

ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਵਿਕਾਰਾਂ ਵਲੋਂ) ਹਟ ਜਾਂਦੇ ਹਨ। ਹੇ ਮਨ! ਤੂੰ ਭੀ ਗੁਰੂ ਦੀ ਰਾਹੀਂ ਭਾਲ ਕਰ ਕੇ ਸਹਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਨੂੰ ਲੱਭ ਲਏਂਗਾ ॥੧॥ ਰਹਾਉ ॥

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥

ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਕਾਮ ਹੈ ਕ੍ਰੋਧ ਹੈ ਮੋਹ ਹੈ,

ਲਬੁ ਲੋਭੁ ਅਹੰਕਾਰੁ ਸੁ ਪੀਰਾ ॥

ਜਿਸ ਦੇ ਅੰਦਰ ਲੱਬ ਹੈ ਲੋਭ ਹੈ ਅਹੰਕਾਰ ਹੈ, (ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ) ਕਲੇਸ਼ ਹੈ,

ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਸ ਦਾ ਮਨ (ਇਹਨਾਂ ਦਾ ਟਾਕਰਾ ਕਰਨ ਦਾ) ਕਿਵੇਂ ਹੌਸਲਾ ਕਰ ਸਕਦਾ ਹੈ? ॥੨॥

ਅੰਤਰਿ ਨਾਵਣੁ ਸਾਚੁ ਪਛਾਣੈ ॥

ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ, ਉਹ ਆਪਣੇ ਆਤਮਾ ਵਿਚ (ਤੀਰਥ-) ਇਸ਼ਨਾਨ ਕਰ ਰਿਹਾ ਹੈ,

ਅੰਤਰ ਕੀ ਗਤਿ ਗੁਰਮੁਖਿ ਜਾਣੈ ॥

ਐਸਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੀ ਅੰਦਰਲੀ ਆਤਮਕ ਹਾਲਤ ਸਮਝ ਲੈਂਦਾ ਹੈ।

ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥

(ਪਰ ਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਟਿਕਾਣਾ ਕੋਈ ਮਨੁੱਖ ਨਹੀਂ ਪਛਾਣ ਸਕਦਾ ॥੩॥

ਨਿਰੰਕਾਰ ਮਹਿ ਆਕਾਰੁ ਸਮਾਵੈ ॥

ਜੇਹੜਾ ਮਨੁੱਖ ਦਿੱਸਦੇ ਸੰਸਾਰ ਨੂੰ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਕਰ ਲੈਂਦਾ ਹੈ (ਭਾਵ, ਆਪਣੀ ਬ੍ਰਿਤੀ ਨੂੰ ਬਾਹਰ ਵਲੋਂ ਰੋਕ ਕੇ ਅੰਦਰ ਲੈ ਆਉਂਦਾ ਹੈ;)

ਅਕਲ ਕਲਾ ਸਚੁ ਸਾਚਿ ਟਿਕਾਵੈ ॥

ਜਿਸ ਪ੍ਰਭੂ ਦੀ ਸੱਤਿਆ-ਗਿਣਤੀ ਮਿਣਤੀ ਤੋਂ ਪਰੇ ਹੈ ਉਸ ਸਦਾ-ਥਿਰ ਪ੍ਰਭੂ ਨੂੰ ਜੇਹੜਾ ਮਨੁੱਖ ਸਿਮਰਨ ਦੀ ਰਾਹੀਂ ਆਪਣੇ ਹਿਰਦੇ ਵਿਚ ਟਿਕਾਂਦਾ ਹੈ,

ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥

ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੪॥

ਜਹਾਂ ਨਾਮੁ ਮਿਲੈ ਤਹ ਜਾਉ ॥

(ਇਸ ਵਾਸਤੇ ਮੇਰੀ ਇਹ ਅਰਦਾਸ ਹੈ ਕਿ) ਜਿਥੋਂ (ਗੁਰ-ਸੰਗਤਿ ਵਿਚੋਂ) ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਮੈਂ ਉਥੇ ਹੀ ਜਾਵਾਂ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430